ਸੰਦੌੜ, 27 ਫਰਵਰੀ (ਜਸਵੀਰ ਸਿੰਘ ਜੱਸੀ) - ਸ਼ਹੀਦ ਭਗਤ ਸਿੰਘ ਯੂਥ ਕਲੱਬ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਉੱਦਮ ਉਪਰਾਲੇ ਨਾਲ ਸਵ. ਜਗਜੀਤ ਸਿੰਘ ਰਾਣੂੰ ਦੇ ਪਰਿਵਾਰ ਅਤੇ ਉੱਘੇ ਸਮਾਜਸੇਵੀ ਪਰਮਜੀਤ ਸਿੰਘ ਆੜ੍ਹਤੀਆ ਦੀ ਅਗਵਾਈ ਹੇਠ ਸਰਕਾਰੀ ਸਕੂਲ ਪਿੰਡ ਖ਼ੁਰਦ ਵਿਖੇ ਸਾਲਾਨਾ 17ਵਾਂ ਅੱਖਾਂ ਦਾ ਚੈੱਕਅਪ ਤੇ ਅਪ੍ਰੇਸ਼ਨ ਕੈਂਪ ਸਰਕਾਰੀ ਹਾਈ ਸਕੂਲ ਪਿੰਡ ਖ਼ੁਰਦ ਵਿਖੇ ਲਗਾਇਆ ਗਿਆ | ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਡਾ. ਸਤਪਾਲ ਸਿੰਘ ਖ਼ੁਰਦ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਡਾ. ਹਿਮਾਂਸ਼ੂ ਗੋਇਲ ਦੀ ਟੀਮ ਵਲੋਂ ਕਰੀਬ 350 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਤਕਰੀਬਨ 58 ਲੋੜਵੰਦਾਂ ਮਰੀਜ਼ਾਂ ਦੇ ਚੀਰਾਂ ਰਹਿਤ ਲੈਂਜ ਬਿਲਕੁਲ ਫਰੀ ਪਾਏ ਗਏ ਅਤੇ ਸ਼ੂਗਰ ਟੈਸਟ, ਦਵਾਈਆਂ ਅਤੇ 150 ਮਰੀਜ਼ਾਂ ਦੇ ਐਨਕਾਂ ਆਦਿ ਮੁਫ਼ਤ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਗਗਨ ਅਜੀਤ ਸਿੰਘ ਐਸ ਐਸ ਪੀ ਮਲੇਰਕੋਟਲਾ, ਸਵ. ਜਗਜੀਤ ਸਿੰਘ ਰਾਣੂੰ ਦੇ ਪਰਿਵਾਰ ਅਤੇ ਪਰਮਜੀਤ ਸਿੰਘ ਆੜ੍ਹਤੀਆਂ ਨੇ ਕੀਤਾ | ਇਸ ਮੌਕੇ ਐਸ ਐਸ ਪੀ ਮਲੇਰਕੋਟਲਾ ਨੇ ਕਿਹਾ ਕਿ ਕਲੱਬ ਵਲੋਂ ਐਨ.ਆਰ.ਆਈਜ. ਪਰਿਵਾਰਾਂ ਦੇ ਸਹਿਯੋਗ ਨਾਲ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਤੇ ਇਸ ਤਰ੍ਹਾਂ ਦੇ ਕਾਰਜਾਂ ਨਾਲ ਲੋੜਵੰਦ ਲੋਕਾਂ ਦਾ ਭਲਾ ਹੁੰਦਾ ਹੈ | ਇਸ ਮੌਕੇ ਡਾ. ਜਸਕਰਨਦੀਪ ਕੌਰ ਰਾਠੀ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਨੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਦੰਦਾਂ ਦਾ ਚੈੱਕਅਪ ਵੀ ਕੀਤਾ | ਪਰਮਜੀਤ ਸਿੰਘ ਆੜ੍ਹਤੀਆਂ, ਬਲਜੋਧ ਸਿੰਘ ਰਾਣੂੰ, ਡਾ. ਸਤਪਾਲ ਸਿੰਘ, ਡਾ. ਲਖਵੀਰ ਸਿੰਘ, ਤਰਸੇਮ ਚੰਦ ਮੁਖੀ ਥਾਣਾ ਸੰਦੌੜ, ਕੇਵਲਜੀਤ ਸਿੰਘ ਧਾਲੀਵਾਲ, ਤੀਰਥ ਸਿੰਘ ਬੋਪਾਰਾਏ, ਅੰਮਿ੍ਤਪ੍ਰੀਤ ਸਿੰਘ ਰਾਠੀ, ਪਵਨਦੀਪ ਸਿੰਘ, ਮਨਜੀਤ ਸਿੰਘ ਪੰਚ, ਪ੍ਰਗਟ ਸਿੰਘ ਰਾਠੀ ਆਦਿ ਹਾਜ਼ਰ ਸਨ |