ਧੂਰੀ, 27 ਫ਼ਰਵਰੀ (ਸੰਜੇ ਲਹਿਰੀ) - ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਇੱਕ ਰੋਜ਼ਾ ਸਾਲਾਨਾ ਅਥਲੈਟਿਕਸ ਮੀਟ ਕਾਲਜ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਮੰਡ ਦੀ ਅਗਵਾਈ ਵਿਚ ਕਰਵਾਈ ਗਈ | ਖੇਡ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ੍ਰ. ਦਲਵੀਰ ਸਿੰਘ ਢਿੱਲੋਂ, ਚੇਅਰਮੈਨ, ਲਘੂ ਉਦਯੋਗ ਅਤੇ ਨਿਰਯਾਤ ਨਿਗਮ ਨੇ ਸ਼ਿਰਕਤ ਕੀਤੀ, ਉਨ੍ਹਾਂ ਕਿਹਾ ਸਿੱਖਿਆ ਤੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਰਕਾਰ ਦਾ ਇੱਕ ਟੀਚਾ ਹੈ ਇਸ ਲਈ ਕਾਲਜ ਲੋੜਾਂ ਨੂੰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕਾਲਜ ਵਿਖੇ ਆਡੀਟੋਰੀਅਮ ਦੀ ਉਸਾਰੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਕਾਲਜ ਦੇ ਸਾਰੇ ਹੀ ਕਲਾਸ ਰੂਮ ਸਮਾਰਟ ਕਲਾਸ ਰੂਮ ਬਣਾਏ ਜਾਣਗੇ | ਵਿਦਿਆਰਥੀ ਆਪਣਾ ਮੰਤਵ ਬਣਾ ਕੇ ਲਗਨ ਤੇ ਮਿਹਨਤ ਨਾਲ ਸਿੱਖਿਆ ਪ੍ਰਾਪਤ ਕਰਨ ਤੇ ਖੇਡਾਂ ਵਿਚ ਭਾਗ ਲੈਣ ਅਤੇ ਆਪਣੀ ਸੰਸਥਾ ਤੇ ਹਲਕੇ ਦਾ ਨਾਮ ਰੌਸ਼ਨ ਕਰਨ | ਸਰੀਰਕ ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸੰਜੀਵ ਦੱਤਾ ਨੇ ਕਿਹਾ ਕਿ ਇਸ ਸਾਲਾਨਾ ਖੇਡ ਸਮਾਰੋਹ ਵਿਚ ਲੜਕੇ ਲੜਕੀਆਂ ਦੀ ਰੇਸ, ਰਿਲੇਅ, ਲੰਮੀ ਛਾਲ, ਡਿਸਕਸ, ਗੋਲਾ ਸੁੱਟਣਾ, ਰੱਸਾਕਸ਼ੀ ਅਤੇ ਤਿੰਨ ਟੰਗੀ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ | ਲੜਕਿਆਂ ਵਿਚੋਂ ਸਰਵੋਤਮ ਅਥਲੀਟ ਬੀ.ਏ. ਭਾਗ ਪਹਿਲਾ ਦੇ ਬਿਕਰਮ ਸਿੰਘ, ਲੜਕੀਆਂ ਵਿਚੋਂ ਸਰਵੋਤਮ ਅਥਲੀਟ ਐੱਮ.ਏ. ਇਤਿਹਾਸ ਭਾਗ ਪਹਿਲਾ ਦੀ ਪ੍ਰੀਤੀ ਕੌਰ, ਸ਼ਹੀਦ ਭਗਤ ਸਿੰਘ ਹਾਊਸ ਨੂੰ ਸਰਵੋਤਮ ਹਾਊਸ ਅਤੇ ਸਰਵੋਤਮ ਮਾਰਚ ਪਾਸਟ ਸ਼ਹੀਦ ਸੁਖਦੇਵ ਹਾਊਸ ਨੂੰ ਐਲਾਨਿਆ ਗਿਆ | ਇਨਾਮ ਵੰਡ ਸਮਾਰੋਹ ਦੌਰਾਨ ਸ੍ਰੀ ਅਸ਼ੋਕ ਕੁਮਾਰ ਲੱਖਾ, ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਸ਼ਾਮਲ ਹੋਏ | ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਡਾਇਰੈਕਟਰ ਲਘੂ ਉਦਯੋਗ ਸ੍ਰੀ ਅਨਿਲ ਮਿੱਤਲ, ਐੱਸ.ਡੀ.ਓ ਪੀ.ਡਬਲਿਊ.ਡੀ ਨਵਦੀਪ ਬਾਂਸਲ, ਡਾ. ਅਮਰਜੀਤ ਸਿੰਘ ਸਿੱਧੂ, ਦੀਪਕ ਕੁਮਾਰ ਬਰੇਟਾ, ਡਾ. ਹਰਪ੍ਰੀਤ ਸਿੰਘ, ਡਾ. ਜਸਬੀਰ ਸਿੰਘ, ਡਾ. ਸਤਪਾਲ ਸਿੰਘ, ਡਾ. ਰਵੀ ਸ਼ੰਕਰ, ਘੁੱਦਾ ਕਾਲਜ ਤੋਂ ਪ੍ਰੋ. ਕਮਲਦੀਪ, ਪ੍ਰੋ.ਬਲਵਿੰਦਰ ਸਿੰਘ ਤੋਂ ਇਲਾਵਾ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਪ੍ਰੋ. ਦੀਪਕ ਸਿੰਘ, ਪ੍ਰੋ. ਵੀਰਪਾਲ ਕੌਰ ਵੀ ਹਾਜ਼ਰ ਸਨ |