ਧੂਰੀ, 29 ਮਾਰਚ (ਲਖਵੀਰ ਸਿੰਘ ਧਾਂਦਰਾ)-ਅੱਜ ਆਸਰਾ ਵੈੱਲਫੇਅਰ ਫਾਊਾਡੇਸ਼ਨ ਧੂਰੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਪ੍ਰੀਤ ਢੀਂਡਸਾ ਨੇ ਦੇਸ਼ ਪੱਧਰ 'ਤੇ ਪੈਦਾ ਹੋ ਰਹੇ ਮੌਜੂਦਾ ਸਮਾਜਿਕ ਅਤੇ ਆਰਥਿਕ ਹਾਲਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਗਈ | ਆਸਰਾ ਵੈੱਲਫੇਅਰ ਫਾਊਾਡੇਸ਼ਨ ਧੂਰੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਪ੍ਰੀਤ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੋਕ-ਹਿਤ ਵਿੱਚ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ | ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਮੁੜ 'ਲੌਕਡਾਊਨ' ਲੱਗਣ ਦੀਆਂ ਅਫ਼ਵਾਹਾਂ ਕਾਰਨ ਆਮ ਜਨਤਾ ਵਿੱਚ ਭਾਰੀ ਸਹਿਮ ਅਤੇ ਘਬਰਾਹਟ ਦਾ ਮਾਹੌਲ ਹੈ | ਇਸ ਸਥਿਤੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਕੁਝ ਮੁਨਾਫ਼ਾਖ਼ੋਰ ਮਾਰਕੀਟ ਵਿੱਚ ਜਮਾਂ ਖੋਰੀ ਅਤੇ ਕਾਲਾਬਾਜ਼ਾਰੀ ਕਰ ਰਹੇ ਹਨ | ਤੇਲ ਅਤੇ ਰਸੋਈ ਗੈੱਸ ਦੀ ਕਮੀ ਹੋਣ ਦਾ ਡਰ ਦਿਖਾ ਕੇ ਚੀਜ਼ਾਂ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਅਫ਼ਵਾਹਾਂ 'ਤੇ ਤੁਰੰਤ ਵਿਰਾਮ ਲਗਾਉਣ ਅਤੇ ਜ਼ਰੂਰੀ ਵਸਤਾਂ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਜਾਣ | ਪ੍ਰੀਤ ਢੀਂਡਸਾ ਨੇ ਵਿਸ਼ਵ ਪੱਧਰ 'ਤੇ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਪੈਦਾ ਹੋਏ ਤਣਾਅਪੂਰਨ ਹਾਲਤਾਂ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਸੁਚੇਤ ਕਰਦਿਆਂ ਅੰਤਰਰਾਸ਼ਟਰੀ ਅਸਥਿਰਤਾ ਕਾਰਨ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਦਿਖਾਉਂਦੇ ਹੋਏ ਜਮਾਂ ਖੋਰੀ ਕਰਨ ਤੋ ਗੁਰੇਜ਼ ਕਰਦਿਆਂ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈੱਸ ਦੀ ਵਰਤੋਂ 'ਚ ਸੰਜਮ ਲਿਆਉਣ ਦੀ ਲੋੜ ਹੈ |