ਭਵਾਨੀਗੜ੍ਹ , 29 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਘਾਬਦਾਂ ਦੇ ਪੀ ਜੀ ਆਈ ਵਿਚ ਸੁਰੱਖਿਆ ਗਾਰਡ ਦੇ ਤੌਰ 'ਤੇ ਕੰਮ ਕਰਦੇ ਇੱਕ ਵਿਅਕਤੀ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ, ਜੋ ਕਿ ਪਟਿਆਲਾ ਵਿਖੇ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ | ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਸੁਰੱਖਿਆ ਏਜੰਸੀ ਵਿਚ ਕੰਮ ਕਰਦੇ ਬੁਢਲਾਡਾ ਨੇੜੇ ਦੇ ਰਹਿਣ ਵਾਲੇ ਜਗਸੀਰ ਸਿੰਘ ਜੱਗੀ ਨੇ ਜ਼ਹਿਰੀਲੇ ਚੀਜ਼ ਨਾਲ ਲਿਆ ਕੇ ਵਾਇਰਲ ਹੋਈ ਵੀਡੀਓ ਅਨੁਸਾਰ ਉਸ ਨੇ ਕਿਸੇ ਗੱਲ ਨੂੰ ਲੈ ਕੇ ਸੁਰੱਖਿਆ ਗਾਰਡਾਂ ਨਾਲ ਗੱਲ ਕਰਦਿਆਂ ਜ਼ਹਿਰੀਲੀ ਚੀਜ਼ ਪੀ ਲਈ, ਜਿਸ ਦਾ ਪਤਾ ਲੱਗਦਿਆਂ ਹੀ ਉਸ ਨੂੰ ਸਥਾਨਕ ਸ਼ਹਿਰ ਦੇ ਹਸਪਤਾਲ ਦਾਖਿਲ ਕਰਾਇਆ, ਜਿੱਥੋਂ ਪਟਿਆਲਾ ਭੇਜ ਦਿੱਤਾ | ਇਹ ਵੀ ਪਤਾ ਲੱਗਿਆ ਹੈ, ਕਿ ਉਸ ਪਾਸੋਂ ਕੋਈ ਲਿਖਤੀ ਪੱਤਰ ਵੀ ਮਿਲਿਆ ਹੈ, ਜਿਸ ਵਿਚ ਹਸਪਤਾਲ ਨਾਲ ਸਬੰਧਿਤ ਕੁੱਝ ਲੋਕਾਂ ਦੇ ਨਾਮ ਲਿਖੇ ਹੋਏ ਹਨ, ਪਰ ਪੁਲਿਸ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ | ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ | ਇਸ ਸਬੰਧੀ ਥਾਣਾ ਸਦਰ ਸੰਗਰੂਰ ਦੇ ਮੁਖੀ ਅਵਤਾਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਿੰਡ ਦੋਦੜਾ ਦੇ ਵਾਸੀ ਨੌਜਵਾਨ ਜਗਸੀਰ ਸਿੰਘ ਜੱਗੀ ਨੇ ਹਸਪਤਾਲ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜੋ ਪਟਿਆਲਾ ਹਸਪਤਾਲ ਵਿਚ ਜੇਰੇ ਇਲਾਜ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੇ ਬਿਆਨ ਲੈ ਕੇ ਜੋ ਵੀ ਕਾਰਵਾਈ ਬਣਦੀ ਹੋਵੇਗੀ, ਕੀਤੀ ਜਾਵੇਗੀ | ਉਨ੍ਹਾਂ ਲਿਖਤੀ ਪੱਤਰ ਵਾਲੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੁਲਿਸ ਨੂੰ ਕੋਈ ਵੀ ਪੱਤਰ ਬਰਾਮਦ ਨਹੀਂ ਹੋਇਆ | ਤਫ਼ਤੀਸ਼ ਕੀਤੀ ਜਾ ਰਹੀ ਹੈ |