ਸੰਗਰੂਰ, 30 ਅਪ੍ਰੈਲ (ਧੀਰਜ ਪਸ਼ੌਰੀਆ)-ਢਾਈ ਸਾਲ ਪਹਿਲਾਂ ਪਿੰਡ ਘਾਬਦਾਂ ਵਿਖੇ ਇੱਕ ਆਵਾਰਾ ਕੁੱਤੇ ਦੇ ਕਾਰਨ ਹਾਦਸਾਗ੍ਰਸਤ ਸਕੂਟਰੀ ਦੇ ਗੰਭੀਰ ਹੋਏ ਚਾਲਕ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਹੋਇਆ ਹੈ | ਮਾਮਲੇ ਮੁਤਾਬਕ ਹਰਜੀਵਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਘਾਬਦਾਂ 06 ਅਕਤੂਬਰ 2023 ਨੂੰ ਆਪਣਾ ਕੰਮਕਾਰ ਖ਼ਤਮ ਕਰਕੇ ਸੰਗਰੂਰ ਤੋਂ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ ਜਦੋਂ ਹਰਜੀਵਨ ਸਿੰਘ ਪਿੰਡ ਘਾਬਦਾ ਨੇੜੇ ਪੁੱਜਾ ਤਾਂ ਸਕੂਟਰੀ ਮੂਹਰੇ ਆਵਾਰਾ ਕੁੱਤਾ ਆ ਜਾਣ ਕਾਰਨ ਸਕੂਟਰੀ ਬੇਕਾਬੂ ਹੋ ਗਈ ਅਤੇ ਹਰਜੀਵਨ ਸਿੰਘ ਸਕੂਟਰੀ ਤੋਂ ਥੱਲੇ ਡਿਗ ਜਾਣ ਕਾਰਨ ਜ਼ਖਮੀ ਹੋ ਗਿਆ | ਸਿਰ ਤੇ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਦਾਖਲ ਕਰਵਾਉਣਾ ਪਿਆ ਜਿੱਥੇ ਉਸ ਦਾ 5 ਲੱਖ ਰੁਪਏ ਦੇ ਕਰੀਬ ਖ਼ਰਚ ਹੋਇਆ | ਮੁਆਵਜ਼ੇ ਦਾ ਕਲੇਮ ਲੈਣ ਲਈ ਹਰਜੀਵਨ ਸਿੰਘ ਨੇ ਆਪਣੇ ਵਕੀਲ ਸੰਜੀਵ ਗੋਇਲ ਅਤੇ ਉਦੇ ਗੋਇਲ ਰਾਹੀਂ ਡੀ.ਡੀ.ਪੀ.ਓ. ਸੰਗਰੂਰ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਮੰਗ ਕਰਦਿਆਂ ਅਰਜ਼ੀ ਦਿੱਤੀ, ਜਿੱਥੇ ਸਾਰੇ ਡਾਕੂਮੈਂਟ ਜਮਾ ਕਰਵਾਉਣ ਤੋਂ ਬਾਅਦ ਸੁਣਵਾਈ ਸ਼ੁਰੂ ਹੋਈ | ਪੰਜਾਬ ਸਰਕਾਰ ਦੀ ਪਾਲਿਸੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਸਿਵਲ ਰਿਟ ਪਟੀਸ਼ਨ ਵਿੱਚ ਕੀਤੇ ਗਏ ਫ਼ੈਸਲੇ ਮੁਤਾਬਕ ਡਿਪਟੀ ਕਮਿਸ਼ਨਰ ਸੰਗਰੂਰ ਦੀ ਅਗਵਾਈ ਵਿੱਚ ਬਣੀ ਕਮੇਟੀ ਵੱਲੋਂ ਕੇਸ ਨੂੰ ਵਿਚਾਰਨ ਤੋਂ ਬਾਅਦ ਪੀੜਤ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ | ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ 28 ਜਨਵਰੀ 2026 ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਗਰੂਰ ਨੂੰ ਹਦਾਇਤ ਕੀਤੀ ਗਈ ਕਿ ਪੀੜਤ ਹਰਜੀਵਨ ਸਿੰਘ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ 2 ਲੱਖ ਰੁਪਏ ਮੁਆਵਜ਼ਾ ਰਾਸ਼ੀ ਅਦਾ ਕੀਤੇ ਜਾਣ ਤੋਂ ਬਾਅਦ ਹੁਣ ਗ੍ਰਾਮ ਪੰਚਾਇਤ ਪਿੰਡ ਘਾਬਦਾਂ ਵੱਲੋਂ ਪੀੜਤ ਹਰਜੀਵਨ ਸਿੰਘ ਨੂੰ 2 ਲੱਖ ਰੁਪਏ ਮੁਆਵਜ਼ੇ ਦੀ ਰਾਸ਼ੀ ਅਦਾ ਕੀਤੀ ਗਈ ਹੈ |ਐਡਵੋਕੇਟ ਸੰਜੀਵ ਗੋਇਲ ਨੇ ਦੱਸਿਆ ਕਿ ਮੁਆਵਜ਼ੇ ਦੀ ਮੰਗ ਕੀਤੀ ਬਾਕੀ ਰਕਮ ਦੀ ਪੂਰਤੀ ਲਈ ਉਹ ਅਦਾਲਤ ਵਿੱਚ ਚਾਰਾਜੋਈ ਕਰਨਗੇ |