ਸੰਗਰੂਰ, 30 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ 'ਕੌਮਾਂਤਰੀ ਡਾਂਸ ਦਿਵਸ' ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਸਕੂਲ ਦੀ ਪ੍ਰਾਰਥਨਾ ਸਭਾ ਨਾਲ ਹੋਈ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਨਾਚ ਵੰਨਗੀਆਂ ਭੰਗੜਾ, ਰਾਜਸਥਾਨੀ ਘੂਮਰ, ਮਹਾਰਾਸ਼ਟਰੀ ਲਾਵਣੀ ਨਾਚ ਰਾਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਵਿਦਿਆਰਥੀਆਂ ਨੇ ਨਾ ਸਿਰਫ਼ ਪੰਜਾਬੀ ਸੱਭਿਆਚਾਰ ਸਗੋਂ ਕਲਾਸੀਕਲ ਅਤੇ ਪੱਛਮੀ ਡਾਂਸ ਫਾਰਮਾਂ ਦੀਆਂ ਵੀ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ | ਸਕੂਲ ਦੇ ਚੇਅਰਮੈਨ ਅਜੀਤਇੰਦਰ ਸਿੰਘ ਮਾਨਸ਼ਾਹੀਆ, ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ ਅਤੇ ਪਿ੍ੰਸੀਪਲ ਅੰਜਲੀ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਂਸ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵੀ ਬਹੁਤ ਜ਼ਰੂਰੀ ਹੈ | ਇਹ ਤਣਾਅ ਨੂੰ ਦੂਰ ਕਰਦਾ ਹੈ ਅਤੇ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ | ਇਸ ਦਾ ਇਤਿਹਾਸਿਕ ਮਹੱਤਵ ਦੱਸਦਿਆਂ ਕਿਹਾ ਕਿ ਇਸ ਦਿਨ 1982 ਵਿੱਚ ਯੂਨੈਸਕੋ ਦੀ ਅੰਤਰਰਾਸ਼ਟਰੀ ਡਾਂਸ ਕਮੇਟੀ ਵੱਲੋਂ ਮਹਾਨ ਫਰਾਂਸੀਸੀ ਡਾਂਸਰ ਜੀਨ ਜਾਰਜ ਨੋਵੇਰੇ ਦੇ ਜਨਮ ਦਿਨ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ |