20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਛਾਜਲੀ ਨਜ਼ਦੀਕ ਸਰਕਾਰੀ ਗੋਦਾਮ 'ਚ ਕਣਕ ਸੰਭਾਲ ਦੇ ਨਾਂਅ ਹੇਠ ਘੁਟਾਲੇ ਦੇ ਦੋਸ਼-ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ

ਅਜੀਤ ਡੈਸਕ 05-05-2026
ਛਾਜਲੀ, 4 ਮਈ (ਅਜਾਇਬ ਸਿੰਘ ਨੀਲੋਵਾਲ) - ਸੁਨਾਮ-ਜਾਖਲ ਰੋਡ 'ਤੇ ਛਾਜਲੀ ਨਜ਼ਦੀਕ ਇੱਕ ਪਨਗ੍ਰੇਨ ਦੇ ਗੁਦਾਮ ਵਿਚ ਕਣਕ ਦੀ ਸੰਭਾਲ ਦੇ ਨਾਂ ਹੇਠ ਵੱਡੇ ਪੱਧਰ ਦੇ ਘੁਟਾਲੇ ਦੇ ਅਸ਼ੰਕੇ ਜਤਾਏ ਜਾ ਰਹੇ ਹਨ | ਸੂਤਰਾਂ ਅਨੁਸਾਰ ਛਾਜਲੀ ਨਜ਼ਦੀਕ ਇਕ ਠੇਕੇ 'ਤੇ ਲਏ ਸਰਕਾਰੀ ਗੋਦਾਮ ਵਿਚ ਦੂਜੇ ਰਾਜਾਂ ਤੋਂ ਸਸਤੇ ਭਾਅ 'ਤੇ ਖਰੀਦੀ ਘਟੀਆ ਕੁਆਲਿਟੀ ਦੀ ਕਣਕ ਲਿਆ ਕੇ ਸਰਕਾਰੀ ਬਾਰਦਾਨਿਆਂ ਵਿਚ ਭਰੀ ਜਾ ਰਹੀ ਹੈ ਅਤੇ ਉਸ ਨੰੂ ਸਥਾਨਕ ਖ਼ਰੀਦ ਵਜੋਂ ਦਰਸਾਇਆ ਜਾ ਰਿਹਾ ਹੈ | ਦੋਸ਼ ਹਨ ਕਿ ਕਣਕ ਦੀ ਨਾ ਢੰਗ ਨਾਲ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਗੁਣਵੱਤਾ ਜਾਂਚ ਹੋ ਰਹੀ ਹੈ | ਸਥਾਨਕ ਲੋਕਾਂ ਮੁਤਾਬਿਕ ਇਹ ਸਾਰਾ ਕੰਮ ਜ਼ਿਆਦਾਤਰ ਰਾਤ ਦੇ ਹਨੇਰੇ ਵਿਚ ਕੀਤਾ ਜਾਂਦਾ ਹੈ, ਜਿਸ ਨਾਲ ਸ਼ੱਕ ਹੋਰ ਵੀ ਵਧ ਜਾਂਦਾ ਹੈ | ਇਹ ਗੱਲ ਵੀ ਚਰਚਾ ਵਿਚ ਹੈ ਕਿ ਇਸ ਮਾਮਲੇ ਵਿਚ ਫ਼ਰਜ਼ੀ ਜੇ-ਫਾਰਮਾਂ ਰਾਹੀਂ ਰਿਕਾਰਡਾਂ ਵਿਚ ਹੇਰਾਫੇਰੀ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਮਾਰਕੀਟ ਕਮੇਟੀ ਵਲੋਂ ਪਹਿਲਾਂ ਵੀ ਜੁਰਮਾਨਾ ਕੀਤਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਇਹ ਗੋਰਖਧੰਦਾ ਜਾਰੀ ਹੈ | ਦੱਸ ਦੇਈਏ ਕਿ ਬਿਨਾਂ ਮਨਜ਼ੂਰੀ ਤੋਂ ਫੜ ਬਣਾ ਕੇ ਬਾਹਰੋਂ ਲਿਆਂਦੀ ਕਣਕ ਸੁੱਟੀ ਜਾ ਰਹੀ ਹੈ | ਉੱਧਰ ਪੱਤਰਕਾਰਾਂ ਵਲੋਂ ਸੰਪਰਕ ਕਰਨ 'ਤੇ ਸੰਬੰਧਤ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਦੀ ਬਜਾਏ ਟਾਲਮਟੋਲ ਕੀਤੀ ਜਾ ਰਹੀ ਹੈ, ਜਿਸ ਨਾਲ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਦੂਜੇ ਪਾਸੇ ਕਿਸਾਨ ਪਰੇਸ਼ਾਨ ਹਨ ਕਿਉਂਕਿ ਖ਼ਰੀਦ ਕੇਂਦਰਾਂ 'ਚ ਕਣਕ ਦੀ ਲਿਫ਼ਟਿੰਗ ਗਤੀ ਧੀਮੀ ਹੈ, ਜਿਸ ਕਾਰਨ ਕਿਸਾਨ ਪਰੇਸ਼ਾਨ ਹਨ, ਖੁੱਲ੍ਹੇ ਮੈਦਾਨਾਂ 'ਚ ਕਿਸਾਨਾਂ ਦੀ ਮਿਹਨਤ ਰੁਲ ਰਹੀ ਹੈ |
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਿਸ ਕਮਿਸ਼ਨ ਏਜੰਟ ਦਾ ਇਹ ਗੁਦਾਮ ਹੈ ਉਸ ਤੋਂ ਰਿਕਾਰਡ ਮੰਗਵਾ ਕਿ ਚੈੱਕ ਕੀਤਾ ਜਾਵੇਗਾ ਜਾਂ ਜੇਕਰ ਗੜਬੜ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਜੋ ਗੁਦਾਮ ਵਿਚ ਬਿਨਾਂ ਮਨਜ਼ੂਰੀ ਦੇ ਫੜ ਬਣਾ ਕੇ ਕਣਕ ਸੁਟਵਾਈ ਗਈ ਹੈ ਉਸ ਸਬੰਧੀ ਵੀ ਕਾਰਵਾਈ ਕੀਤੀ ਜਾਵੇਗੀ |
ਇਸ ਮਾਮਲੇ ਸਬੰਧੀ ਜਦੋਂ ਖ਼ਰੀਦ ਅਧਿਕਾਰੀ ਮੋਹਿਤ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਚੈਕਿੰਗ ਕੀਤੀ ਗਈ ਹੈ ਅਤੇ ਮੌਕੇ 'ਤੇ ਮਿਲਿਆ ਮਾਲ ਲੋਕਲ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿੱਥੇ ਗੋਦਾਮਾਂ ਵਿਚ ਲੋਡਿੰਗ ਹੋ ਰਹੀ ਹੈ, ਉਹ ਪ੍ਰਕਿਰਿਆ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਸਾਬਤ ਨਹੀਂ ਹੋਈ | ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਪੱਖ ਵਲੋਂ ਇਤਰਾਜ਼ ਹੈ ਤਾਂ ਉਹ ਆਪਣੇ ਦੋਸ਼ਾਂ ਸਬੰਧੀ ਲਿਖਤੀ ਰੂਪ ਵਿਚ ਜਾਣਕਾਰੀ ਦੇਣ, ਤਾਂ ਜੋ ਉਸ ਦੀ ਜਾਂਚ ਕੀਤੀ ਜਾ ਸਕੇ | ਇੱਥੇ ਇਹ ਦੱਸਣਯੋਗ ਹੈ ਕਿ ਸਬੰਧਤ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਮਾਮਲੇ 'ਚ ਸਬੂਤਾਂ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ | ਇਸ ਸਬੰਧੀ ਜਦੋਂ ਮੌਜੂਦਾ ਖ਼ੁਰਾਕ ਸਪਲਾਈ ਵਿਭਾਗ ਦੇ ਸਬੰਧਤ ਇੰਸਪੈਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫ਼ੋਨ ਉਠਾਉਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ | ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ |
ਕਿਸਾਨ ਜਥੇਬੰਦੀਆਂ ਦਾ ਵਿਰੋਧ ਤੇ ਚੇਤਾਵਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ ਨੇ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਘੱਟ ਰੇਟ 'ਤੇ ਕਣਕ ਖ਼ਰੀਦ ਕੇ ਪੰਜਾਬ ਵਿਚ ਸਰਕਾਰੀ ਰੇਟ 'ਤੇ ਵੇਚੀ ਜਾ ਰਹੀ ਹੈ, ਜਿਸ ਨਾਲ ਸਥਾਨਕ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਬਾਹਰਲੇ ਸੂਬਿਆਂ ਦੀ ਕਣਕ ਪੰਜਾਬ ਵਿਚ ਆ ਰਹੀ ਹੈ ਅਤੇ ਗੋਦਾਮਾਂ ਵਿਚ ਸਟੋਰ ਕੀਤੀ ਜਾ ਰਹੀ ਹੈ | ਸੰਤ ਰਾਮ ਨੇ ਵਪਾਰੀਆਂ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਕਿਸਾਨਾਂ 'ਤੇ ਪਵੇਗਾ ਸਿੱਧਾ ਅਸਰ ਮਾ. ਛਾਜਲਾ
ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਸਕੱਤਰ ਅਤੇ ਸੀਨੀਅਰ ਆਗੂ ਮਾਸਟਰ ਰਣਜੀਤ ਸਿੰਘ ਛਾਜਲਾ ਅਤੇ ਜਥੇਬੰਦਕ ਸਕੱਤਰ ਮਾਸਟਰ ਦਰਬਾਰਾ ਸਿੰਘ ਨੇ ਕਿਹਾ ਕਿ ਬਾਹਰੀ ਰਾਜਾਂ ਤੋਂ ਕਣਕ ਲਿਆ ਕੇ ਸਰਕਾਰੀ ਗੁਦਾਮਾਂ ਵਿਚ ਸਟੋਰ ਕਰਨਾ ਬਿਲਕੁਲ ਗਲਤ ਪ੍ਰਕਿਰਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਨਾਲ ਸਥਾਨਕ ਕਿਸਾਨਾਂ ਦੇ ਹੱਕਾਂ 'ਤੇ ਸਿੱਧਾ ਅਸਰ ਪੈ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ |

ਪਿਛਲੀ ਖ਼ਬਰ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ 20 ਨੂੰ ਪੰਜਾਬ ਭਰ ਵਿਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/> ਅਗਲੀ ਖ਼ਬਰ 'ਆਪ' ਆਗੂ ਪਰਮਜੀਤ ਸਿੰਘ ਭਿੰਦੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਭਾਜਪਾ 'ਚ ਸ਼ਾਮਿਲ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।