ਅਹਿਮਦਗੜ੍ਹ, 10 ਮਈ (ਰਵਿੰਦਰ ਪੁਰੀ) - ਪੰਜਾਬ ਸਰਕਾਰ ਵਲੋਂ ਅਹਿਮਦਗੜ੍ਹ ਸ਼ਹਿਰ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਮਨਜ਼ੂਰ ਕਰਦਿਆਂ ਸਥਾਨਕ ਸਿਵਲ ਹਸਪਤਾਲ ਨੂੰ 30 ਤੋਂ 50 ਬੈੱਡ ਦਾ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ | ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਰਾਹੁਲ ਵੱਲੋਂ ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਪੱਤਰ 'ਚ ਹੁਕਮ ਜਾਰੀ ਕਰਦਿਆਂ ਸਥਾਨਕ ਹਸਪਤਾਲ ਨੂੰ 50 ਬੈੱਡ ਦਾ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਇਸੇ ਸਬੰਧੀ ਅੱਜ ਪਾਰਟੀ ਵਰਕਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਹਸਪਤਾਲ ਦਾ ਮੁਆਇਨਾ ਕਰਨ ਪਹੁੰਚੇ |
ਜਿੱਥੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਬਾਅਦ ਇਹ ਵੱਡਾ ਤੋਹਫ਼ਾ ਦਿੱਤਾ ਗਿਆ ਹੈ | ਜਿਸ ਨਾਲ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਚੰਗੀਆਂ ਮੈਡੀਕਲ ਸੇਵਾਵਾਂ ਪ੍ਰਤੀ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ 7.87 ਕਰੋੜ ਦੀ ਪਹਿਲੀ ਕਿਸ਼ਤ ਸਿਹਤ ਵਿਭਾਗ ਪਾਸ ਪਹੁੰਚ ਚੁੱਕੀ ਹੈ | ਜਿਸ ਉਪਰੰਤ ਇੰਜੀਨੀਅਰ ਵਿੰਗ ਵੱਲੋਂ ਹਸਪਤਾਲ ਉਸਾਰੀ ਸਬੰਧੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਉਨ੍ਹਾਂ ਇੱਕ ਹੋਰ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਹਸਪਤਾਲ ਦੀ ਬਿਲਡਿੰਗ ਨਾਲ ਲੱਗਦੇ ਪਸ਼ੂ ਹਸਪਤਾਲ ਅਤੇ ਨਗਰ ਕੌਂਸਲ ਦਫ਼ਤਰ ਨੂੰ ਵੀ ਹਸਪਤਾਲ ਦੀ ਬਿਲਡਿੰਗ ਵਿਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਸਹੀ ਢੰਗ ਨਾਲ ਹਸਪਤਾਲ ਬਣ ਸਕੇ | ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਜੀਤ ਸਿੰਘ, ਐਸ ਐਮ ਓ ਡਾਕਟਰ ਜੋਤੀ ਕਪੂਰ, ਨਗਰ ਕੌਂਸਲ ਦੇ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਬਿੱਲੂ ਮਾਜਰੀ, ਸਾਹਿਲ ਜਿੰਦਲ, ਜਗਤਾਰ ਸਿੰਘ ਚੀਮਾ, ਰਿਸ਼ੀ ਜੋਸ਼ੀ, ਲਾਡੂ ਖਾਂ, ਸ਼ੰਕਰ ਪਾਠਕ, ਪਾਲੀ ਛੰਨਾ, ਅਮਨ ਅਫਰੀਦੀ ਵਿਸ਼ੇਸ਼ ਕਰ ਕੇ ਹਾਜ਼ਰ ਸਨ |
ਅਹਿਮਦਗੜ੍ਹ ਸਿਵਲ ਹਸਪਤਾਲ ਅਪਗ੍ਰੇਡ ਕਰਨ ਲਈ 7.87 ਕਰੋੜ ਦੀ ਪਹਿਲੀ ਕਿਸ਼ਤ ਜਾਰੀ <br/>
ਅਜੀਤ ਡੈਸਕ
11-05-2026