ਕਾਠਮੰਡੂ: ਨੇਪਾਲ ਵਿਚ ਕੁਦਰਤੀ ਆਫ਼ਤ ਕਾਰਨ ਆਏ ਭਿਆਨਕ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਵੀਰਵਾਰ ਨੂੰ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,377 ਹੋ ਗਈ। ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ ਲਗਾਤਾਰ ਲਾਸ਼ਾਂ ਬਰਾਮਦ ਹੋ ਰਹੀਆਂ ਹਨ, ਜਦਕਿ ਹਜ਼ਾਰਾਂ ਲਾਪਤਾ ਲੋਕਾਂ ਦੀ ਭਾਲ ਲਈ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਸਰਕਾਰੀ ਅਧਿਕਾਰੀਆਂ ਮੁਤਾਬਕ ਹੜ੍ਹਾਂ ਦੌਰਾਨ ਲਾਪਤਾ ਹੋਏ 5,130 ਲੋਕਾਂ ਦੀ ਭਾਲ ਲਈ ਸੁਰੱਖਿਆ ਬਲਾਂ ਦੀ ਸਾਂਝੀ ਕਮਾਂਡ ਹੇਠ ਸਰਚ ਆਪਰੇਸ਼ਨ ਜਾਰੀ ਹੈ। ਹੁਣ ਤੱਕ 13,656 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਅਧਿਕਾਰੀਆਂ ਵਲੋਂ ਜਾਰੀ ਅੰਕੜਿਆਂ ਅਨੁਸਾਰ ਸਭ ਤੋਂ ਵੱਧ 364 ਲਾਸ਼ਾਂ ਚਿਤਵਨ ਜ਼ਿਲ੍ਹੇ ਵਿਚੋਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਨਵਲਪਰਾਸੀ ਈਸਟ ਤੋਂ 228, ਨਵਲਪਰਾਸੀ ਵੈਸਟ ਤੋਂ 222, ਨੁਵਾਕੋਟ ਤੋਂ 198, ਰਸੂਵਾ ਤੋਂ 178, ਗੋਰਖਾ ਤੋਂ 77, ਧਾਦਿੰਗ ਤੋਂ 70 ਅਤੇ ਤਾਨਾਹੂ ਤੋਂ 38 ਲਾਸ਼ਾਂ ਮਿਲੀਆਂ ਹਨ। ਇਸ ਦੌਰਾਨ ਕਾਠਮੰਡੂ ਵਿੱਚ ਇਲਾਜ ਅਧੀਨ ਦੋ ਹੋਰ ਹੜ੍ਹ ਪੀੜਤਾਂ ਦੀ ਵੀ ਮੌਤ ਹੋ ਗਈ।
ਇਹ ਤਬਾਹੀ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਆਏ ਆਈਸ-ਰੌਕ ਐਵਲਾਂਚ ਤੋਂ ਬਾਅਦ ਸ਼ੁਰੂ ਹੋਈ। ਇਸ ਕਾਰਨ ਹਿਮਾਲਿਆਈ ਖੇਤਰ ਤੋਂ ਉੱਤਰ ਵੱਲ ਵਹਿਣ ਵਾਲੀ ਭੋਟੇਕੋਸ਼ੀ ਨਦੀ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਅਤੇ ਭਿਆਨਕ ਹੜ੍ਹ ਆ ਗਿਆ। ਹੜ੍ਹ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ। ਸੈਂਕੜੇ ਮਕਾਨਾਂ ਅਤੇ ਵਾਹਨਾਂ ਤੋਂ ਇਲਾਵਾ ਸੜਕਾਂ, ਪੁਲਾਂ ਅਤੇ ਕਈ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਚੀਨੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਆਫ਼ਤ ਦਾ ਪ੍ਰਭਾਵ ਸਰਹੱਦ ਪਾਰ ਚੀਨ ਦੇ ਤਿੱਬਤ ਖੇਤਰ ਵਿਚ ਵੀ ਪਿਆ ਹੈ। ਇੱਥੇ ਘੱਟੋ-ਘੱਟ 43 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲ ਵਿਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਅਧਿਕਾਰੀਆਂ ਦਾ ਧਿਆਨ ਲਾਪਤਾ ਲੋਕਾਂ ਦੀ ਭਾਲ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਤੱਕ ਜ਼ਰੂਰੀ ਸਹਾਇਤਾ ਪਹੁੰਚਾਉਣ 'ਤੇ ਹੈ।