ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਅੱਜ ਪਟਿਆਲਾ ਗੇਟ ਸੰਗਰੂਰ ਵਿਖੇ ਸੈਂਟਰਲ ਕੋਆਪਰੇਟਿਵ ਬੈਂਕ ਬਾਹਰ ਧਰਨਾ ਦਿੱਤਾ ਗਿਆ ਅਤੇ ਐਮ.ਡੀ. ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਭੁਪਿੰਦਰ ਸਿੰਘ ਬਨਭੋਰਾ ਜਨਰਲ ਸੈਕਟਰੀ ਪੰਜਾਬ, ਕਰਮਜੀਤ ਸਿੰਘ ਢਢੋਗਲ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਗਦੀਸ਼ ਸਿੰਘ ਚੌਦਾ, ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਹੱਦ ਕਰਜ਼ੇ ਦੀ ਰਾਸ਼ੀ ਵਿਚ ਜੋ ਵਾਧਾ ਕੀਤਾ ਗਿਆ ਸੀ ਉਹ ਸ਼ਲਾਘਾਯੋਗ ਉਪਰਾਲਾ ਸੀ ਪਰ ਹੁਣ ਇਸ ਵਾਧੇ ਨੂੰ ਵਾਪਸ ਲੈਣਾ ਕਿਸਾਨਾਂ ਲਈ ਮੰਦਭਾਗਾ ਵਰਤਾਰਾ ਹੈ | ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਵਾਧੇ ਨੂੰ ਦੁਬਾਰਾ ਲਾਗੂ ਕਰ ਕੇ ਕਿਸਾਨਾਂ ਦਾ ਕੋਆਪਰੇਟਿਵ ਸੁਸਾਇਟੀਆਂ ਅਤੇ ਬੈਂਕਾਂ ਨਾਲ ਲੈਣ ਦੇਣ ਤੁਰੰਤ ਚਾਲੂ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਖਾਦਾਂ ਦੇ ਨਾਲ ਜੋ ਬੇਲੋੜਾ ਸਮਾਨ ਜਿਵੇਂ ਕਿ ਯੂਰੀਆ ਵਗ਼ੈਰਾ ਜਬਰੀ ਥੋਪਣ ਬੰਦ ਕੀਤਾ ਜਾਵੇ | ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਅਤੇ ਪਿਛਲੇ ਸਮੇਂ ਤੋਂ ਡਿਫਾਲਟਰ ਚੱਲ ਰਹੇ ਕਿਸਾਨਾਂ ਲਈ ਕਮਰਸ਼ੀਅਲ ਬੈਂਕਾਂ ਦੀ ਤਰਜ਼ ਉੱਤੇ ਵਨ ਟਾਈਮ ਸੈਟਲਮੈਂਟ ਦੀ ਸਹੂਲਤ ਦੇ ਕੇ ਕਿਸਾਨਾਂ ਨੂੰ ਫ਼ੌਰੀ ਰਾਹਤ ਦਿੱਤੀ ਜਾਵੇ | ਉਪਰੋਕਤ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਨੇ ਮੰਗ ਪੱਤਰ ਦਿੰਦਿਆਂ ਤੁਰੰਤ ਮੰਗਾਂ ਦਾ ਨਿਪਟਾਰਾ ਕਰਨ ਦੀ ਗੱਲ ਕੀਤੀ |