ਭਵਾਨੀਗੜ੍ਹ, 11 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡਾਂ ਵਿਚੋਂ ਦੁੱਧ ਇਕੱਠਾ ਕਰਦੇ 2 ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ 'ਤੇ ਪਿੰਡ ਕਾਕੜਾ ਵਿਖੇ ਸੋਗ ਦਾ ਮਾਹੌਲ ਪੈਦਾ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਆਗੂ ਅਤੇ ਦੋਧੀ ਯੂਨੀਅਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੁਰਜੰਟ ਸਿੰਘ ਅਤੇ ਸਨੀ ਸਿੰਘ ਜੋ ਕਿ ਲੰਘੀ ਦੇਰ ਰਾਤ ਬਡਬਰ ਨੇੜੇ ਪਿੰਡਾਂ ਵਿਚੋਂ ਆਪਣੀ ਮਹਿੰਦਰਾ ਪਿਕ ਅੱਪ ਗੱਡੀ 'ਤੇ ਦੁੱਧ ਇਕੱਠਾ ਕਰਕੇ ਮੁੱਖ ਸੜਕ 'ਤੇ ਆ ਰਹੇ ਸਨ | ਇਸ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਕਿਸੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ, ਦੂਜੇ ਪਾਸੇ ਅੱਗੋਂ ਆਉਂਦੇ ਟਰਾਲੇ ਨਾਲ ਇਨ੍ਹਾਂ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਸਨੀ ਸਿੰਘ, ਗੁਰਜੰਟ ਸਿੰਘ ਕੋਲ ਕੰਮ ਕਰਦਾ ਸੀ, ਜਿਸ ਦਾ ਕਰੀਬ 2 ਹਫ਼ਤੇ ਪਹਿਲਾਂ ਹੀ ਵਿਆਹ ਹੋਇਆ ਸੀ | ਉਹ ਵਿਆਹ ਤੋਂ ਬਾਅਦ ਲੰਘੇ ਦਿਨੀਂ ਹੀ ਆਪਣੇ ਕੰਮ 'ਤੇ ਗਿਆ ਸੀ ਕਿ ਇਹ ਹਾਦਸਾ ਵਾਪਰ ਗਿਆ | ਗੁਰਜੰਟ ਸਿੰਘ ਵਿਧਵਾ ਤੋਂ ਇਲਾਵਾ 2 ਛੋਟੇ ਬੱਚੇ ਛੱਡ ਗਿਆ | ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ | ਵੱਡੀ ਗਿਣਤੀ ਵਿਚ ਲੋਕਾਂ ਨੇ ਦੋਵੇਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪਰਗਟ ਕੀਤੀ | ਉਕਤ ਆਗੂ ਨੇ ਦੱਸਿਆ ਕਿ ਹਾਦਸੇ ਸਬੰਧੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ |