ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਪਾਰਟੀ ਰਾਜ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਉੱਪਰ ਹੋਣ ਵਾਲੀਆਂ ਚੋਣਾ ਵਿੱਚ ਉਤਸ਼ਾਹ ਨਾਲ ਭਾਗ ਲਏਗੀ ਅਤੇ ਇਨ੍ਹਾਂ ਚੋਣਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਵੀ ਕਰੇਗੀ | ਗੱਲਬਾਤ ਕਰਦਿਆਂ ਰਿਪੂ ਢਿੱਲੋਂ ਨੇ ਕਿਹਾ ਕਿ ਸੰਗਰੂਰ ਜ਼ਿਲੇ੍ਹ ਵਿੱਚ ਜਿਨ੍ਹਾਂ ਥਾਵਾਂ ਉੱਤੇ ਇਹ ਚੋਣਾ ਹੋ ਰਹੀਆਂ ਹਨ, ਪ੍ਰਤੀ ਵਰਕਰਾਂ ਵਿੱਚ ਬੇਹੱਦ ਉਤਸ਼ਾਹ ਹੈ ਅਤੇ ਭਵਾਨੀਗੜ੍ਹ ਦੇ ਹਰ ਵਾਰਡ ਵਿੱਚ ਦੋ ਤੋਂ ਵੱਧ ਉਮੀਦਵਾਰ ਪਾਰਟੀ ਕੋਲ ਹਨ | ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਰਟੀ ਆਗੂ ਇਨ੍ਹਾਂ ਚੋਣਾ ਨੂੰ ਚੁਨੌਤੀ ਵਜੋਂ ਲੈ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਇੱਕ ਪੈਗ਼ਾਮ ਵਜੋਂ ਘਰ-ਘਰ ਪਹੁੰਚਾ ਕੇ ਵੋਟਾਂ ਦੀ ਮੰਗ ਕਰਨਗੇ | ਰਿਪੂ ਢਿੱਲੋਂ ਨੇ ਕਿਹਾ ਕਿ ਉਹ ਆਪਣੀ ਪੂਰੀ ਟੀਮਾਂ ਨਾਲ ਭਵਾਨੀਗੜ੍ਹ ਵਿੱਚ ਪੱਕਾ ਮੋਰਚਾ ਸੰਭਾਲਣਗੇ ਤਾਂ ਜੋ ਪਾਰਟੀ ਦੀ ਜਿੱਤ ਨੂੰ ਨਿਸ਼ਚਤ ਬਣਾਇਆ ਜਾ ਸਕੇ |