ਸੰਗਰੂਰ, 11 ਮਈ (ਧੀਰਜ ਪਸ਼ੌਰੀਆ) - ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਵਲੋਂ 20 ਮਈ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁਰਿੰਦਰ ਦੁੱਗਲ ਨੇ ਦੱਸਿਆ ਕਿ 20 ਮਈ ਦੀ ਇਹ ਦੇਸ਼ ਵਿਆਪੀ ਹੜਤਾਲ ਲੋਕ ਹਿਤ ਅਤੇ ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿਉਂਕਿ ਦਵਾਈਆਂ ਦੇ ਆਨਲਾਈਨ ਪਲੇਟਫਾਰਮ ਨਾਲ ਜਿੱਥੇ ਕੈਮਿਸਟਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਨਕਲੀ ਅਤੇ ਘਟੀਆ ਦਵਾਈਆਂ ਦਾ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ | ਦਵਾਈਆਂ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਪਹਿਲਾਂ ਤੋਂ ਹੀ ਨਸ਼ਿਆਂ ਦੇ ਨਾਲ ਜੂਝ ਰਹੇ ਪੰਜਾਬ ਲਈ ਵੱਡਾ ਖ਼ਤਰਾ ਹੈ | ਇਸ ਵਰਤਾਰੇ ਵਿਚ ਡਾਕਟਰ ਦੀ ਸਲਾਹ ਦੀ ਕਮੀ ਵੀ ਹਰ ਸਮੇਂ ਰੜਕਦੀ ਰਹਿੰਦੀ ਹੈ | ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਜਰਨਲ ਸਕੱਤਰ ਸਮੀਰ ਜੈਨ ਅਤੇ ਖ਼ਜ਼ਾਨਚੀ ਐਸ ਕੇ ਵਧਵਾ ਨੇ ਇਸ ਹੜਤਾਲ ਦਾ ਸਮਰਥਨ ਕਰਦਿਆਂ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭਾਰਤ ਬਣਾਉਣ ਲਈ ਸਥਾਨਕ ਕੈਮਿਸਟਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ |