ਸੰਗਰੂਰ, 15 ਮਈ (ਸੁਖਵਿੰਦਰ ਸਿੰਘ ਫੁੱਲ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ, ਸੰਗਰੂਰ ਵਿੱਚ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਲਈ ਪੇਪਰ ਫੋਲਡਿੰਗ ਮੁਕਾਬਲਾ ਕਰਵਾਇਆ ਗਿਆ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਦੀ ਰਚਨਾਤਮਿਕ ਸੋਚ, ਕਲਾ ਪ੍ਰਤੀ ਰੁਚੀ ਅਤੇ ਹੱਥਾਂ ਦੀ ਕੁਸ਼ਲਤਾ ਨੂੰ ਵਿਕਸਤ ਕਰਨਾ ਸੀ | ਮੁਕਾਬਲੇ ਦੌਰਾਨ ਨੰਨੇ ਮੁੰਨੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਕਾਗ਼ਜ਼ਾਂ ਨਾਲ ਵੱਖ-ਵੱਖ ਆਕਾਰ ਅਤੇ ਸੁੰਦਰ ਕਲਾਕਿ੍ਤੀਆਂ ਤਿਆਰ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਤਿਤਲੀਆਂ, ਕਿਸ਼ਤੀਆਂ, ਫੁੱਲ, ਪੰਛੀਆਂ ਅਤੇ ਹੋਰ ਕਈ ਦਿਲਚਸਪ ਬਣਾ ਕੇ ਸਭ ਨੂੰ ਪ੍ਰਭਾਵਿਤ ਕੀਤਾ | ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਮਨਦੀਪ ਛੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੀ ਕਲਪਨਾ-ਸ਼ਕਤੀ ਅਤੇ ਆਤਮਵਿਸ਼ਵਾਸ ਨੂੰ ਵੀ ਮਜ਼ਬੂਤ ਬਣਾਉਂਦੀਆਂ ਹਨ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਰਚਨਾਤਮਿਕਤਾ ਅਤੇ ਨਵੀਨਤਾ ਦੀ ਭਾਵਨਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਬੌਧਿਕ ਅਤੇ ਕਲਾਤਮਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਪ੍ਰਤੀਯੋਗਤਾ ਦੀ ਪ੍ਰਸ਼ੰਸਾ ਕੀਤੀ ਗਈ |