ਸੁਨਾਮ ਊਧਮ ਸਿੰਘ ਵਾਲਾ, 17 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪਲਾਂਟ ਡਾਕਟਰ ਸਰਵਿਸਜ ਐਸੋਸੀਏਸ਼ਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪੈੱ੍ਰਸ ਬਿਆਨ ਜਰੀਏ ਜਥੇਬੰਦੀ ਦੇ ਆਗੂਆਂ ਡਾ ਹਰਮਨਦੀਪ ਸਿੰਘ ਘੁੰਮਣ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਮੰਨਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾਂ ਹੋਣ ਕਾਰਨ ਮੁਲਾਜ਼ਮਾਂ ਵਿਚ ਕਾਫ਼ੀ ਰੋਸ ਪਾਇਆਂ ਜਾ ਰਿਹਾ ਅਤੇ ਅਜਿਹੇ ਹੀ ਹਾਲਤ ਖੇਤੀਬਾੜੀ ਵਿਭਾਗ ਵਿਚ ਬਣੇ ਹੋਏ ਹਨ | ਜਿੱਥੇ ਖੇਤੀਬਾੜੀ ਵਿਕਾਸ ਅਫ਼ਸਰ ਖੇਤੀਬਾੜੀ ਅਫ਼ਸਰ ਤੇ ਪਦ-ਉੱਨਤੀ ਹੋਣ ਲਈ 6 ਸਾਲ ਦੀ ਬਜਾਏ 14 ਸਾਲ ਬੀਤ ਜਾਣ ਦੇ ਬਾਵਜੂਦ ਵੀ ਵਿਭਾਗੀ ਤਰੱਕੀ ਨੂੰ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਖੇਤੀਬਾੜੀ ਅਫ਼ਸਰ ਦੀਆਂ 223 ਅਸਾਮੀਆਂ ਚੋਂ 95 ਖ਼ਾਲੀ ਪਈਆਂ ਹਨ | ਜਿਨ੍ਹਾਂ ਵਿਚ ਮਾਨਸਾ, ਬਰਨਾਲਾ, ਪਠਾਨਕੋਟ ਜ਼ਿਲਿ੍ਹਆਂ ਵਿਚ ਇੱਕ ਵੀ ਖੇਤੀਬਾੜੀ ਅਫ਼ਸਰ ਨਹੀ ਹੈ ਅਤੇ ਜ਼ਿਆਦਾਤਰ ਜ਼ਿਲਿ੍ਹਆਂ ਵਿਚ ਸਿਰਫ਼ ਇੱਕ ਹੀ ਖੇਤੀਬਾੜੀ ਅਫ਼ਸਰ ਤਾਇਨਾਤ ਹੈ | ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਪਦ-ਉੱਨਤੀ ਦੇ ਨਾਲ-ਨਾਲ ਪੇਅ ਪੈਰਿਟੀ, ਵਿਭਾਗ ਵਿੱਚ ਖ਼ਾਲੀ ਪਈਆਂ ਅਸਾਮੀਆਂ ਤੇ ਭਰਤੀ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ | ਜਿਸ ਕਾਰਨ ਖੇਤੀਬਾੜੀ ਵਿਕਾਸ ਅਫ਼ਸਰ ਸੜਕਾਂ ਤੇ ਉੱਤਰਨ ਲਈ ਮਜਬੂਰ ਹਨ ਅਤੇ 15 ਮਈ ਤੋਂ ਸੂਬੇ ਭਰ ਦੇ ਸਮੂਹ ਖੇਤੀਬਾੜੀ ਅਤੇ ਬਾਗ਼ਬਾਨੀ ਵਿਕਾਸ ਅਫ਼ਸਰ ਆਪੋ ਆਪਣੇ ਕੰਮਕਾਜ ਵਾਲੀ ਜਗਾ ਫ਼ੀਲਡ ਦਫ਼ਤਰ ਆਦਿ ਤੇ ਕਾਲੇ ਬਿੱਲੇ ਲਾ ਕੇ ਰੋਸ ਜ਼ਾਹਿਰ ਕਰਨਗੇ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਸੰਜੀਦਗੀ ਨਾਲ ਨਾਂ ਲਿਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਮਨਜਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਧੰਜੂ, ਵਿਕਰਾਂਤ ਕੁਮਾਰ ਅਤੇ ਸਤਵਿੰਦਰਬੀਰ ਸਿੰਘ ਆਦਿ ਮੌਜੂਦ ਸਨ |