ਧੂਰੀ, 19 ਮਈ (ਸੰਜੇ ਲਹਿਰੀ) - ਨਗਰ ਕੌਂਸਲ ਧੂਰੀ ਦੇ ਸਫਾਈ ਸੇਵਕਾਂ ਵਲੋਂ ਅੱਜ ਧੂਰੀ ਸ਼ਹਿਰ 'ਚ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਗਰ ਕੌਂਸਲ ਧੂਰੀ 'ਚ ਠੇਕੇਦਾਰੀ ਸਿਸਟਮ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ | ਇਸ ਮੌਕੇ ਅੱਜ ਹੜਤਾਲੀ ਸਫਾਈ ਸੇਵਕਾਂ ਨੇ ਧੂਰੀ ਦੇ ਕ੍ਰਾਂਤੀ ਚੌਂਕ ਵਿਖੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਪਿਛਲੇ ਲਗਭਗ 20 ਸਾਲਾਂ ਤੋਂ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਆ ਰਹੇ ਹਾਂ ਅਤੇ ਸਾਨੂੰ ਪੱਕੇ ਕਰਨ ਦੀ ਬਜਾਏ ਓਵਰਏਜ ਕਹਿ ਕੇ ਕੰਮ ਤੋਂ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਸਫਾਈ ਸੇਵਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਉਪਰੰਤ ਆਖਿਆ ਕਿ ਉਹ ਧੂਰੀ ਵਿਖੇ ਜਿਹੜੇ ਪਾਸੇ ਵੀ ਜਾਂਦੇ ਹਨ, ਲੋਕ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਉਨ੍ਹਾਂ ਦੇ ਸਾਹਮਣੇ ਖੜੇ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਝਾੜੂ ਪਾਰਟੀ ਦੀ ਸਰਕਾਰ 'ਚ ਝਾੜੂ ਵਾਲੇ ਸਫਾਈ ਸੇਵਕਾਂ ਦੀ ਹੀ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਸਫਾਈ ਸੇਵਕਾਂ ਨੂੰ ਤੁਰੰਤ ਪੱਕੇ ਕਰਕੇ ਇਨ੍ਹਾਂ ਦੀਆਂ ਮੰਗਾਂ ਦਾ ਸਥਾਈ ਹੱਲ ਕਰੇ | ਇਸ ਮੌਕੇ ਕ੍ਰਾਂਤੀ ਚੌਂਕ ਦੇ ਦੁਕਾਨਦਾਰਾਂ ਨੇ ਵੀ ਰਵਨੀਤ ਸਿੰਘ ਬਿੱਟੂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕ੍ਰਾਂਤੀ ਚੌਂਕ 'ਚ ਬਣਨ ਜਾ ਰਹੇ ਟਾਵਰ ਦੀ ਉਸਾਰੀ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਕ੍ਰਾਂਤੀ ਚੌਂਕ ਵਿਚ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਪ੍ਰੋਫੈਸਰ ਓਾਕਾਰ ਸਿੰਘ ਸਰਜੀਵਨ ਜਿੰਦਲ, ਰਣਦੀਪ ਸਿੰਘ ਦਿਓਲ, ਵਿੱਕੀ ਪਰੋਚਾ, ਜਗਦੇਵ ਜਿੰਦਲ ਜੱਗਾ ਬਰਜੇਸ਼ਵਰ ਗੋਇਲ, ਪ੍ਰਦੀਪ ਗਰਗ, ਮਨੋਜ ਰਾਣੀ, ਰਮੇਸ਼ ਕੁਮਾਰ ਅਤੇ ਸਫਾਈ ਸੇਵਕ ਯੂਨੀਅਨ ਦੇ ਅਨੇਕਾਂ ਆਗੂ ਮੌਜੂਦ ਸਨ |