06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮੁੱਖ ਮੰਤਰੀ ਨੂੰ ਸਵਾਲ ਕਰਨ ਜਾਂਦੇ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਤੇ ਵਰਕਰ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 20-05-2026
ਸੁਨਾਮ ਊਧਮ ਸਿੰਘ ਵਾਲਾ, 19 ਮਈ (ਸੱਗੂ, ਭੁੱਲਰ, ਧਾਲੀਵਾਲ) - ਆਪਣੇ ਜੱਦੀ ਪਿੰਡ ਸਤੌਜ ਵਿਖੇ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਾਡ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਦੀਆਂ ਮੰਗਾਂ ਨਾਲ ਸੰਬੰਧਿਤ ਸਵਾਲ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਜਦੋਂ ਸੈਂਕੜੇ ਦੀ ਗਿਣਤੀ 'ਚ ਪਹੁੰਚੇ ਆਗੂ ਤੇ ਵਰਕਰਾਂ ਦਾ ਕਾਫ਼ਲਾ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਪਿੰਡ ਸਤੌਜ ਵਿਖੇ ਹੋ ਰਹੇ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗਾ ਤਾਂ ਰਸਤੇ ਵਿੱਚ ਡੀ.ਐਸ.ਪੀ. (ਡੀ ) ਸੁਖਦੇਵ ਸਿੰਘ ਬਰਾੜ ਦੀ ਅਗਵਾਈ ਚ ਪਿੰਡਾ ਵਿਚਕਾਰ ਤੈਨਾਤ ਭਾਰੀ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕਰਕੇ ਰੋਕ ਲਿਆ ਗਿਆ, ਜਦੋਂ ਕਿਸਾਨ ਆਗੂ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗੇ ਤਾਂ ਰਣ ਸਿੰਘ ਚੱਠਾ, ਰਾਮਫਲ ਸਿੰਘ ਜਲੂਰ, ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ ਸਮੇਤ ਦਰਜਨਾਂ ਕਿਸਾਨਾਂ ਨੂੰ ਗਿ੍ਫ਼ਤਾਰ ਕਰਕੇ ਬੱਸਾਂ 'ਚ ਚੜ੍ਹਾ ਲਿਆ ਗਿਆ ਤੇ ਦੂਜੇ ਪਾਸੇ ਬਲਾਕ ਆਗੂ ਕਸ਼ਮੀਰ ਸਿੰਘ ਉਗਰਾਹਾਂ, ਕਰਮਜੀਤ ਸਿੰਘ ਬਾਲਦ ਕਲਾਂ, ਕੁਲਵੰਤ ਸਿੰਘ ਉਭਿਆ ਦੀ ਅਗਵਾਈ ਚ ਵੱਡੀ ਗਿਣਤੀ ਕਿਸਾਨ ਖੇਤਾਂ ਵਿਚਦੀ ਹੋ ਕੇ ਸਤੌਜ ਪਿੰਡ ਵੱਲ ਵਧਣ ਲੱਗੇ ਤੇ ਪੁਲਿਸ ਵੀ ਪਿੱਛਾ ਕਰਦੀ ਰਹੀ, ਭਾਵੇਂ ਕਿ ਇਹ ਕਿਸਾਨ ਮੁੱਖ ਮੰਤਰੀ ਦੇ ਰਵਾਨਾ ਹੋਣ ਤੱਕ ਸਤੌਜ ਤਾਂ ਨਹੀਂ ਪਹੁੰਚ ਸਕੇ, ਪਰ ਪਿੰਡ ਸਤੌਜ ਨੇੜੇ ਪਹੁੰਚਣ 'ਚ ਕਾਮਯਾਬ ਰਹੇ | ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ 22 ਫ਼ਸਲਾਂ 'ਤੇ ਐਮ.ਐਸ.ਪੀ. ਦੇਣ ਤੇ ਉਸ ਸਮੇਂ ਦੀ ਦਿੱਲੀ ਵਿਚਲੀ ਆਪ ਸਰਕਾਰ ਵਾਂਗ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਹਿਤ ਬਣਦੇ ਭਾਅ ਪੂਰੇ ਕਰਨ ਲਈ ਕਿਸਾਨਾਂ ਨੂੰ ਫ਼ਸਲਾਂ ਤੇ ਬੋਨਸ ਦੇਣ ਸਮੇਤ ਅਨੇਕਾਂ ਵਾਅਦੇ ਕਿਸਾਨਾਂ ਨਾਲ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ਚ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਬੈਠੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਖਨੌਰੀ, ਸ਼ੰਭੂ ਬਾਰਡਰਾਂ ਤੇ ਚੱਲਦੇ ਮੋਰਚਿਆਂ ਨੂੰ ਖਦੇੜਨ ਲਈ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਲਈ ਬੁਲਾ ਕੇ ਗਿ੍ਫ਼ਤਾਰ ਕਰਦਿਆਂ ਤੇ ਦੋਵੇਂ ਮੋਰਚਿਆਂ ਤੇ ਕਿਸਾਨਾਂ ਤੇ ਅੰਨਾ ਤਸ਼ੱਦਦ ਕਰਕੇ ਗਿ੍ਫ਼ਤਾਰ ਕਰਕੇ ਤੇ ਮੋਰਚਿਆਂ ਤੇ ਪਿਆ ਹਰ ਤਰ੍ਹਾਂ ਦਾ ਸਮਾਨ ਚੋਰੀ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ | ਮੁੱਖ ਮੰਤਰੀ ਦੇ ਮੰਤਰਾਲੇ ਸਹਿਕਾਰਤਾ ਵਿਭਾਗ ਦੇ ਅਧੀਨ ਚੱਲਦੇ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਪੂਰਾ ਕਰਜਾ ਮੋੜਨ ਵਾਲੇ ਕਿਸਾਨਾਂ ਨੂੰ ਕਲੀਅਰੈਂਸ ਦੇਣ ਤੋਂ ਬਾਅਦ ਵੀ ਪਹਿਲਾਂ ਲਏ ਖਾਲੀ ਚੈੱਕਾਂ ਰਾਹੀਂ ਕੇਸ ਵਗ਼ੈਰਾ ਲਗਾ ਕੇ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਬੈਂਕਾਂ ਨੂੰ ਬੰਦ ਕਰਕੇ 11 ਜ਼ਿਲਿਆਂ ਚ ਪੱਕੇ ਧਰਨੇ ਚੱਲ ਰਹੇ ਹਨ | ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਸਰਕਾਰ ਡੰਡੇ ਦੇ ਜ਼ੋਰ 'ਤੇ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਦਾ ਹੱਕ ਵੀ ਸਾਥੋਂ ਖੋਹ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਰਣ ਸਿੰਘ ਚੱਠਾ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਪੁਲਿਸ ਫੋਰਸ ਤੈਨਾਤ ਕਰਕੇ ਸਵਾਲ ਕਰਨ ਲਈ ਮੁੱਖ ਮੰਤਰੀ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਪਰ ਫਿਰ ਵੀ ਜ਼ਿਲ੍ਹਾ ਸੰਗਰੂਰ ਅੰਦਰ ਮੁੱਖ ਮੰਤਰੀ ਦੇ ਹਰ ਪ੍ਰੋਗਰਾਮ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਂਦਾ ਰਹੇਗਾ | ਇਸ ਮੌਕੇ ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਗੁਰਦੀਪ ਸਿੰਘ ਜਲੂਰ,ਗੁਰਚਰਨ ਸਿੰਘ ਨਮੋਲ, ਦਰਸ਼ਨ ਸਿੰਘ ਗੰਢੂਆਂ, ਕਰਮਜੀਤ ਸਿੰਘ ਗੰਢੂਆਂ, ਹਰਬੰਸ ਸਿੰਘ ਖਡਿਆਲ, ਹਰਜਿੰਦਰ ਸਿੰਘ ਮਹਿਲਾ, ਜਗਤਾਰ ਸਿੰਘ ਜਲੂਰ, ਮੇਜਰ ਸਿੰਘ ਸੁਰਜਣ ਭੈਣੀ, ਮਨਜੀਤ ਸਿੰਘ ਖਾਈ, ਸੰਮੀ ਖਾਈ, ਮਦਨ ਦਾਸ ਮਹਿਲਾ, ਹਰੀ ਸਿੰਘ ਚੱਠਾ, ਸਾਧਾ ਸਿੰਘ ਨਮੋਲ, ਕੁਲਦੀਪ ਸਿੰਘ ਬਾਲਦ ਕਲਾਂ, ਗੁਰਤੇਜ ਸਿੰਘ ਉਗਰਾਹਾਂ, ਦੇਵ ਸਿੰਘ ਖਡਿਆਲ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਸਫਾਈ ਸੇਵਕਾਂ ਦੀ ਹੜਤਾਲ 14ਵੇਂ ਦਿਨ 'ਚ ਪਹੁੰਚੀ <br/> ਅਗਲੀ ਖ਼ਬਰ ਵਧੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਹਿਲਾਇਆ – ਭਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।