ਮਲੇਰਕੋਟਲਾ, 4 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਬੀਤੀ 26 ਮਈ ਤੋਂ ਜ਼ਿਲ੍ਹਾ ਮਲੇਰਕੋਟਲਾ ਵਿਖੇ ਸੇਵਾ ਕੇਂਦਰ ਵੈੱਲਫੇਅਰ ਐਸੋਸੀਏਸ਼ਨ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਕੇ ਧਰਨਾ ਲਗਾ ਕੇ ਬੈਠੇ ਹਨ | ਜਿਸ ਦੇ ਚਲਦਿਆਂ ਪਿਛਲੇ ਦਿਨਾਂ ਤੋਂ ਸੇਵਾ ਕੇਂਦਰਾਂ ਅੰਦਰ ਰੋਜ਼ਮਰਾ ਦਾ ਕੰਮ ਬੰਦ ਪਿਆ ਹੈ ਤੇ ਆਮ ਲੋਕਾਂ ਦੀ ਖੱਜਲ-ਖੁਆਰੀ ਹੋ ਰਹੀ ਹੈ | ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਚੱਲਦਿਆਂ ਅੱਜ ਮਲੇਰਕੋਟਲਾ ਦੇ 786 ਚੌਂਕ 'ਚ ਸਥਿਤ ਸੇਵਾ ਕੇਂਦਰ 'ਤੇ ਹੜਤਾਲੀ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ | ਮਲੇਰਕੋਟਲਾ ਦੇ ਕੁੱਲ 9 ਸੇਵਾ ਕੇਂਦਰਾਂ ਦੇ ਕਰੀਬ 45 ਮੁਲਾਜ਼ਮ ਹੜਤਾਲ ਕਰ ਕੇ ਸੇਵਾ ਕੇਂਦਰ ਦੇ ਅੰਦਰ ਰੋਸ ਧਰਨੇ 'ਤੇ ਬੈਠੇ ਹਨ | ਇਹ ਹੜਤਾਲ ਪੰਜਾਬ ਪੱਧਰੀ ਸੱਦੇ ਤਹਿਤ ਚੱਲ ਰਹੀ ਹੈ | ਰੋਸ ਧਰਨੇ 'ਤੇ ਬੈਠੇ ਸੇਵਾ ਕੇਂਦਰ ਮੁਲਾਜ਼ਮ ਜਥੇਬੰਦੀ ਮਲੇਰਕੋਟਲਾ ਦੇ ਆਗੂਆਂ ਸੁਰਾਜ ਮੁਹੰਮਦ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਉਹ ਸਿਰਫ਼ 10 ਹਜ਼ਾਰ ਰੁਪਏ ਦੀ ਨਿਗੂਣੀ ਤਨਖ਼ਾਹ 'ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ | ਉਨ੍ਹਾਂ ਆਖਿਆ ਕਿ ਸਬੰਧਤ ਨਿੱਜੀ ਕੰਪਨੀ ਵਲੋਂ ਉਨ੍ਹਾਂ ਦਾ ਕੀਤਾ ਜਾਂਦਾ ਸ਼ੋਸ਼ਣ ਬੰਦ ਕੀਤਾ ਜਾਵੇ | ਬਰਾਬਰ ਕੰਮ, ਬਰਾਬਰ ਤਨਖ਼ਾਹ ਵਰਗੇ ਨਿਯਮ ਲਾਗੂ ਕੀਤੇ ਜਾਣ ਤੋਂ ਉਹ ਇਲਾਵਾ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਅੱਜ ਦੇ ਯੁੱਗ ਅੰਦਰ ਮਹਿੰਗਾਈ ਦੇ ਸਮੇਂ ਵਿੱਚ ਘੱਟ ਤਨਖ਼ਾਹਾਂ ਦੇ ਨਾਲ ਉਨ੍ਹਾਂ ਤੋਂ ਪਰਿਵਾਰਾਂ ਦਾ ਪਾਲਣ-ਪੋਸ਼ਣ ਨਹੀਂ ਹੋ ਰਿਹਾ | ਲੰਬੇ ਸਮੇਂ ਤੋਂ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਕੰਨਾਂ ਤੱਕ ਗੁਹਾਰ ਲਗਾਈ ਜਾਂਦੀ ਰਹੀ ਹੈ | ਅੱਜ ਮਲੇਰਕੋਟਲਾ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕੰਪਨੀ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਸੇਵਾ ਕੇਂਦਰਾਂ ਅੰਦਰ ਨੌਜਵਾਨਾਂ ਦੀ ਨਵੀਂ ਭਰਤੀ ਰਾਹੀਂ ਕੰਮ ਸ਼ੁਰੂ ਕਰਵਾਉਣ ਲਈ ਚਾਰਾਜੋਈ ਸ਼ੁਰੂ ਕੀਤੀ | ਕੰਪਨੀ ਵਲੋਂ ਸਥਾਨਕ ਸੇਵਾ ਕੇਂਦਰਾਂ 'ਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਲਈ ਇੰਟਰਵਿਊ ਵੀ ਕੀਤੇ ਗਏ | ਜਿਸ ਦਾ ਮੌਜੂਦਾ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਵਿਰੋਧ ਕੀਤਾ | ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਆਖਿਆ ਕਿ ਉਨ੍ਹਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ | ਉਨ੍ਹਾਂ ਨਵੇਂ ਲਿਆਂਦੇ ਨੌਜਵਾਨਾਂ ਨੂੰ ਵੀ ਕਿਹਾ ਕਿ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਲੱਤ ਨਾ ਮਾਰੀ ਜਾਵੇ | ਨਵੀਂ ਭਰਤੀ ਦੀ ਇੰਟਰਵਿਊ ਲਈ ਆਏ ਨੌਜਵਾਨਾਂ ਵੱਲੋਂ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇੰਟਰਵਿਊ ਵੀ ਦਿੱਤੀ ਗਈ | ਜਦਕਿ ਮੌਜੂਦਾ ਮੁਲਾਜ਼ਮਾਂ ਨੇ ਆਖਿਆ ਕਿ ਉਹ ਆਪਣੀ ਜਗ੍ਹਾ ਨਹੀਂ ਛੱਡਣਗੇ | ਮਾਮਲੇ ਨੂੰ ਲੈ ਕੇ ਲੰਬਾ ਸਮਾਂ ਜੱਦੋ-ਜਹਿਦ ਹੁੰਦੀ ਰਹੀ | ਹੁਣ ਇਸ ਮਾਮਲੇ ਸਬੰਧੀ ਸੇਵਾ ਕੇਂਦਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਵੱਡਾ ਇਕੱਠ ਸੁਨਾਮ ਵਿਖੇ ਰੱਖਿਆ ਗਿਆ ਹੈ | ਜਿੱਥੇ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ | ਵੇਖਣਾ ਹੋਵੇਗਾ ਕਿ ਹੁਣ ਇਹ ਮਾਮਲਾ ਅਗਲੇ ਦਿਨਾਂ ਨੂੰ ਕੀ ਰੁੱਖ ਅਖ਼ਤਿਆਰ ਕਰਦਾ ਹੈ | ਆਮ ਲੋਕਾਂ ਵੱਲੋਂ ਕੰਮ ਧੰਦਿਆਂ ਸੰਬੰਧੀ ਰੋਜ਼ਾਨਾ ਸੇਵਾ ਕੇਂਦਰਾਂ ਅੰਦਰ ਜਾ ਕੇ ਸੇਵਾਵਾਂ ਲਈਆਂ ਜਾਂਦੀਆਂ ਹਨ ਪਰੰਤੂ ਆਮ ਲੋਕਾਂ ਦੀ ਖੱਜਲ-ਖੁਆਰੀ ਵੱਧ ਰਹੀ ਹੈ, ਕਿਉਂਕਿ ਲੋਕਾਂ ਦੇ ਬਹੁਤ ਸਾਰੇ ਜ਼ਰੂਰੀ ਕੰਮ ਧੰਦੇ ਲਟਕ ਰਹੇ ਹਨ | ਕੰਪਨੀ ਦੇ ਅਧਿਕਾਰੀ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਤਾਂ ਗੱਲਬਾਤ ਨਾ ਹੋ ਸਕੀ | ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਸਰਾਜ ਮੁਹੰਮਦ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਸਣੇ ਸੇਵਾ ਕੇਂਦਰ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ |