ਧੂਰੀ, 4 ਜੂਨ (ਲਖਵੀਰ ਸਿੰਘ ਧਾਂਦਰਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਾਲਜਾਂ ਨਾਲ ਸੰਬੰਧਿਤ ਵੱਖ-ਵੱਖ ਫ਼ੀਸਾਂ ਵਿੱਚ ਕੀਤੇ ਗਏ ਵੱਡੇ ਵਾਧੇ ਖਿਲਾਫ਼ ਪੰਜਾਬ ਦੇ ਐਫੀਲੀਏਟਿਡ ਕਾਲਜਾਂ 'ਚ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਦੇ ਕਾਲਜਾਂ ਦੀ ਜਥੇਬੰਦੀ ਜੈਕ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਐਜੂਕੇਸ਼ਨ ਕਾਲਜਾਂ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਨੇ ਸਾਲਾਨਾ ਕੰਟੀਨਿਊਏਸ਼ਨ ਫ਼ੀਸ, ਆਰਜ਼ੀ ਅਤੇ ਪੱਕੀ ਐਫੀਲੀਏਸ਼ਨ ਫ਼ੀਸ ਵਿੱਚ 100 ਤੋਂ 300 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ, ਜਿਸ ਨਾਲ ਕਾਲਜਾਂ ਅਤੇ ਵਿਦਿਆਰਥੀਆਂ 'ਤੇ ਵਾਧੂ ਵਿੱਤੀ ਬੋਝ ਪਵੇਗਾ | ਡਾ. ਧੂਰੀ ਨੇ ਦੱਸਿਆ ਕਿ ਹਾਲ ਹੀ 'ਚ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਐਜੂਕੇਸ਼ਨ, ਡਿਗਰੀ, ਲਾਅ ਅਤੇ ਫਿਜ਼ੀਕਲ ਐਜੂਕੇਸ਼ਨ ਕਾਲਜਾਂ ਦੇ ਪ੍ਰਬੰਧਕਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਯੂਨੀਵਰਸਿਟੀ ਦੇ ਨਵੇਂ ਫ਼ੈਸਲਿਆਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਕਾਲਜਾਂ ਵਲੋਂ ਜਮ੍ਹਾ ਕਰਵਾਏ ਜਾਣ ਵਾਲੇ ਇੰਡੋਮੈਂਟ ਫੰਡ ਦੀ ਰਕਮ ਵੀ ਦੁੱਗਣੀ ਕਰ ਦਿੱਤੀ ਹੈ ਅਤੇ 20 ਲੱਖ ਰੁਪਏ ਦੀ ਐਫ.ਡੀ.ਆਰ. ਨੂੰ ਵਧਾ ਕੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇੰਡੋਮੈਂਟ ਫੰਡ ਦਾ ਮਕਸਦ ਸੰਕਟ ਦੀ ਸਥਿਤੀ 'ਚ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਮਦਦ ਕਰਨਾ ਹੁੰਦਾ ਹੈ | ਡਾ. ਧੂਰੀ ਨੇ ਦੋਸ਼ ਲਗਾਇਆ ਕਿ ਨਿਯਮਾਂ ਅਨੁਸਾਰ ਯੂਨੀਵਰਸਿਟੀ ਵਲੋਂ ਐਫ.ਡੀ.ਆਰ. ਦੇ ਵਿਆਜ 'ਚੋਂ ਕੇਵਲ 2 ਫ਼ੀਸਦੀ ਸਰਵਿਸ ਚਾਰਜ ਲਿਆ ਜਾਣਾ ਚਾਹੀਦਾ ਹੈ, ਪਰ ਲੰਬੇ ਸਮੇਂ ਤੋਂ ਕੁੱਲ ਵਿਆਜ ਦਾ 50 ਫ਼ੀਸਦੀ ਹਿੱਸਾ ਵਸੂਲਿਆ ਜਾ ਰਿਹਾ ਹੈ | ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਚੁੰਨੀ ਕਲਾਂ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਸੈਲਫ-ਫਾਇਨਾਂਸਿੰਗ ਆਧਾਰ 'ਤੇ ਚੱਲ ਰਹੀਆਂ ਹਨ ਅਤੇ ਸਰਕਾਰੀ ਵਿੱਤੀ ਸਹਾਇਤਾ ਨਾ ਮਿਲਣ ਕਾਰਨ ਫ਼ੀਸਾਂ ਵਿੱਚ ਇਹ ਵਾਧਾ ਆਖਿਰਕਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਭੁਗਤਣਾ ਪਵੇਗਾ | ਇਸ ਮੌਕੇ ਡਾ. ਰਾਮ ਢੱਲ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਵਿੱਤੀ ਸੰਕਟ ਨਾਲ ਨਜਿੱਠਣ ਲਈ ਕਾਲਜਾਂ ਅਤੇ ਵਿਦਿਆਰਥੀਆਂ 'ਤੇ ਵਾਧੂ ਆਰਥਿਕ ਬੋਝ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਡਾ. ਧੂਰੀ ਨੇ ਕਿਹਾ ਕਿ ਬੀ.ਐੱਡ. ਕਾਲਜ ਐਸੋਸੀਏਸ਼ਨ, ਡਿਗਰੀ ਕਾਲਜ ਐਸੋਸੀਏਸ਼ਨ ਅਤੇ ਹੋਰ ਕਾਲਜ ਪ੍ਰਬੰਧਕ ਫ਼ੀਸਾਂ 'ਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਇਕਜੁੱਟ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪੁਡਕਾ ਦੇ ਪ੍ਰਧਾਨ ਸੁਖਮੰਦਰ ਸਿੰਘ ਚੱਠਾ, ਜੈਕ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਸਮੇਤ ਹੋਰ ਨੁਮਾਇੰਦਿਆਂ ਨਾਲ ਵੀ ਇਸ ਮਾਮਲੇ 'ਤੇ ਸਹਿਮਤੀ ਬਣ ਚੁੱਕੀ ਹੈ |