ਸੰਦੌੜ, 4 ਜੂਨ (ਗੁਰਪ੍ਰੀਤ ਸਿੰਘ ਚੀਮਾ) - ਸਹਿਕਾਰੀ ਸਭਾਵਾਂ ਨਾਲ ਸੰਬੰਧਿਤ 'ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੀ ਸੰਦੌੜ ਬਰਾਂਚ ਦੇ ਮੁਲਾਜ਼ਮਾਂ ਦੇ ਕਥਿਤ ਅੜੀਅਲ ਰਵਈਏ ਤੋਂ ਲਗਾਤਾਰ ਖਾਤਾਧਾਰਕ ਅਤੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ | ਬੈਂਕ ਦੇ ਕੁੱਝ ਸਟਾਫ ਮੈਂਬਰਾਂ ਦੇ ਲੋਕਾਂ ਪ੍ਰਤੀ ਰਵੱਈਏ ਤੋਂ ਦੁਖੀ ਹੋ ਕੇ ਅੱਜ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਬੈਂਕ ਦੇ ਸਾਹਮਣੇ ਆਪਣਾ ਰੋਸ ਜਾਹਿਰ ਕਰਦੇ ਹੋਏ ਨਾਅਰੇਬਾਜ਼ੀ ਕੀਤੀ | ਪਿੰਡ ਸੰਦੌੜ ਦੇ ਸਾਬਕਾ ਸਰਪੰਚ ਚਮਕੌਰ ਸਿੰਘ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਖਾਤੇ ਵਿਚ ਪਈ ਰਕਮ ਲੈਣ ਲਈ ਪਿਛਲੇ ਤਿੰਨ ਦਿਨਾਂ ਤੋਂ ਬੈਂਕ ਦੇ ਗੇੜੇ ਮਾਰ ਰਹੇ ਹਨ | ਉਸ ਨੇ ਕਿਹਾ ਕਿ ਬੈਂਕ ਮੈਨੇਜਰ ਮਲਕੀਤ ਸਿੰਘ ਨੇ ਕੈਸ਼ ਨਾ ਹੋਣ ਦਾ ਬਹਾਨਾ ਲਗਾ ਕੇ ਉਸ ਨੂੰ ਮੋੜ ਦਿੱਤਾ | ਦੂਜੇ ਦਿਨ ਉਸਨੇ ਬੈਂਕ ਮੁਲਾਜਮਾਂ ਨੂੰ ਉਸਦੇ ਖਾਤੇ ਵਿਚ ਪਈ ਰਕਮ ਨੂੰ ਉਸ ਦੇ ਹੋਰ ਬੈਂਕ ਨਾਲ ਖਾਤੇ ਵਿਚ ਟਰਾਂਸਫਰ ਕਰਨ ਲਈ ਕਿਹਾ ਪਰ ਬੈਂਕ ਦੇ ਕੈਸ਼ੀਅਰ ਨੇ ਉਸ ਨੂੰ ਅਗਲੇ ਦਿਨ ਆ ਕੇ ਟੋਕਨ ਲਗਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ | ਚਮਕੌਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਸਵੇਰੇ 5 ਵਜੇ ਆ ਕੇ ਟੋਕਨ ਪ੍ਰਾਪਤ ਕਰ ਰਿਹਾ ਹੈ | ਉਸ ਨੇ ਬੈਂਕ ਮੈਨੇਜਰ ਮਲਕੀਤ ਸਿੰਘ 'ਤੇ ਕਥਿਤ ਤੌਰ 'ਤੇ ਜਲੀਲ ਕਰਨ ਦੇ ਦੋਸ਼ ਵੀ ਲਗਾਏ | ਪਿੰਡ ਝੁਨੇਰ ਵਾਸੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੈਂਕ ਦੇ ਕੈਸ਼ੀਅਰ ਪਰਮਿੰਦਰਜੀਤ ਸਿੰਘ ਗੁਰੀ ਨੇ ਉਸ ਨੂੰ ਜਾਣਬੁੱਝ ਕੇ ਲਗਾਤਾਰ ਕਈ ਦਿਨ ਗੇੜੇ ਲਗਵਾ ਕੇ ਆਖਰਕਾਰ ਪੇਮੈਂਟ ਦਿੱਤੀ | ਉਪਲ ਫਿਲਿੰਗ ਸਟੇਸ਼ਨ ਸੰਦੌੜ ਦੇ ਮਾਲਕ ਰੌਕੀ ਉਪਲ ਨੇ ਕਿਹਾ ਕਿ ਬੈਂਕ ਵਲੋਂ ਕਿਸਾਨਾਂ ਨੂੰ ਸਮੇਂ ਸਿਰ ਪੇਮੈਂਟ ਨਾ ਦੇਣ ਕਾਰਨ ਉਨ੍ਹਾਂ ਦੇ ਵਪਾਰ ਦਾ ਕਾਫੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਨੇ ਇਸ ਬਾਬਤ ਬੈਂਕ ਦੇ ਸਟਾਫ ਨਾਲ ਕਈ ਵਾਰ ਗੱਲਬਾਤ ਕੀਤੀ ਤਾਂ ਬੈਂਕ ਮੁਲਾਜਮਾਂ ਦਾ ਵਤੀਰਾ ਪਹਿਲਾਂ ਵਾਲਾ ਹੀ ਰਿਹਾ | ਰੌਕੀ ਉਪਲ ਨੇ ਕਿਹਾ ਕਿ ਬੈਂਕ ਦੇ ਕੰਮਕਾਜ ਤੋਂ ਦੁਖੀ ਹੋ ਕੇ ਆਖਰ ਉਨ੍ਹਾਂ ਨੇ ਸੰਬੰਧਿਤ ਬੈਂਕ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਸਿਕਾਇਤ ਵੀ ਕੀਤੀ ਹੈ | ਜ਼ਿਕਰਯੋਗ ਹੈ ਕਿ 7 ਪੇਂਡੂ ਸਹਿਕਾਰੀ ਸਭਾਵਾਂ ਨਾਲ ਸੰਬੰਧਿਤ ਸੰਦੌੜ ਸਥਿਤ ਉਕਤ ਕੋਆਪਰੇਟਿਵ ਬੈਂਕ 'ਚ ਪੇਮੈਂਟ ਲੈਣ ਲਈ ਕਿਸਾਨ ਅਤੇ ਖਾਤਾਧਾਰਕ ਪਿਛਲੇ ਕਰੀਬ ਦੋ ਹਫਤਿਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ | ਲੋਕਾਂ ਨੂੰ ਤੜਕਸਾਰ ਸਵੇਰੇ ਪੰਜ ਵਜੇ ਆ ਕੇ ਟੋਕਨ ਪ੍ਰਾਪਤ ਕਰਨੇ ਪੈਂਦੇ ਹਨ | ਅੱਤ ਦੀ ਪੈ ਰਹੀ ਗਰਮੀ ਵਿਚ ਲੋਕ ਬੈਂਕ ਦੇ ਬਾਹਰ ਬੈਠਣ ਲਈ ਮਜਬੂਰ ਹੋ ਰਹੇ ਹਨ |