ਲੌਂਗੋਵਾਲ, 5 ਜੂਨ (ਸ਼ੇਰ ਸਿੰਘ ਖੰਨਾ, ਵਿਨੋਦ)-ਲੌਂਗੋਵਾਲ ਦੀਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੀਜੀ ਵੱਡੀ ਧਿਰ ਉੱਭਰ ਕੇ ਸਾਹਮਣੇ ਆਈ ਹੈ | ਇੱਥੋਂ ਦੇ ਵਾਰਡ ਨੰਬਰ 15 ਤੋਂ ਤੱਕੜੀ ਚੋਣ ਨਿਸ਼ਾਨ ਉੱਤੇ ਪਹਿਲੀ ਵਾਰ ਜਿੱਤ ਪ੍ਰਾਪਤ ਕਰਨ ਵਾਲੀ ਜੋਗੀ ਨਾਥ ਭਾਈਚਾਰੇ ਦੀ ਧੀ ਸੰਨੋ ਦੇਵੀ ਨੇ ਜਿੱਤ ਪ੍ਰਾਪਤ ਕਰ ਕੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ | ਸੰਨੋ ਦੇਵੀ ਦੀ ਜਿੱਤ ਦੇ ਚਰਚੇ ਦੇਸ਼ ਵਿਦੇਸ਼ ਤੱਕ ਚੱਲ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਜਾਂ ਇਸ ਦੇ ਸਮਰਥਨ ਵਾਲੇ ਉਮੀਦਵਾਰਾਂ ਦਾ ਜਿੱਤ ਹਾਰ ਦਾ ਫ਼ਾਸਲਾ 4 ਵਾਰਡਾਂ 'ਚ ਤਾਂ ਮਹਿਜ਼ 11 ਤੋਂ ਲੈ ਕੇ 66 ਵੋਟਾਂ ਤੱਕ ਹੀ ਰਿਹਾ | ਜਦਕਿ ਦੋ ਵਾਰਡਾਂ ਵਿਚ ਇਹ ਫ਼ਾਸਲਾ ਸੈਂਕੜੇ ਅਤੇ ਇਕ ਵਾਰਡ ਵਿਚ ਦੋਹਰੇ ਸੈਂਕੜੇ ਤੋਂ ਪਾਰ ਕਰ ਗਿਆ ਹੈ | ਇੱਥੋਂ ਦੇ ਵਾਰਡ ਨੰਬਰ 3 ਤੋਂ ਕੁੱਲ ਆਪ ਉਮੀਦਵਾਰ ਬਲਵੰਤ ਸਿੰਘ ਬੀਟਾ 324 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਇਥੇ ਉਹਨਾਂ ਦੇ ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਵਾਲੇ ਅਜ਼ਾਦ ਉਮੀਦਵਾਰ ਲਵਪ੍ਰੀਤ ਸਿੰਘ ਗੱਗੂ ਨੂੰ 313 ਵੋਟਾਂ ਪ੍ਰਾਪਤ ਹੋਈਆਂ | ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਅਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਲੱਲੀ ਇਸ ਵਾਰਡ ਵਿਚ ਆਪਣੀ ਹਾਰ ਨੂੰ ਜਿੱਤ ਮੰਨਦੇ ਹਨ | ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰਡ ਵਿਚ ਅਕਾਲੀ ਦਲ ਦੇ ਸਮਰਥਨ ਵਾਲੇ ਲਵਪ੍ਰੀਤ ਸਿੰਘ ਗੱਗੂ ਦਾ ਜੇਤੂ ਉਮੀਦਵਾਰ ਤੋਂ ਮਹਿਜ਼ 11 ਵੋਟਾਂ ਦਾ ਫ਼ਰਕ ਰਿਹਾ ਹੈ | ਜਦਕਿ ਦੂਜੇ ਬੰਨੇ ਪੁਨਰ ਸੁਰਜੀਤ ਦੇ ਉਮੀਦਵਾਰ ਪਰਮਜੀਤ ਕੌਰ ਨੇ 138 ਵੋਟਾਂ ਪ੍ਰਾਪਤ ਕੀਤੀਆਂ ਹਨ | ਕਾਂਗਰਸ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਵਾਲੇ ਉਮੀਦਵਾਰ ਬੂਟਾ ਸਿੰਘ ਨੂੰ 32 ਵੋਟਾਂ ਪ੍ਰਾਪਤ ਹੋਈਆਂ ਹਨ | ਪੁਨਰ ਸੁਰਜੀਤ ਦੇ ਉਮੀਦਵਾਰ ਨੂੰ ਲੌਂਗੋਵਾਲ ਦੀ ਰਾਜਨੀਤੀ ਦੇ ਥੰਮ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾ. ਚੇਅਰਮੈਨ ਜੀਤ ਸਿੰਘ ਸਿੱਧੂ ਦਾ ਆਸ਼ੀਰਵਾਦ ਵੀ ਪ੍ਰਾਪਤ ਸੀ ਪ੍ਰੰਤੂ ਇਸ ਦੇ ਬਾਵਜੂਦ ਲਵਪ੍ਰੀਤ ਸਿੰਘ ਗੱਗੂ ਦੀ 11 ਵੋਟਾਂ ਨਾਲ ਹਾਰ ਕਿਸੇ ਜਿੱਤ ਤੋਂ ਘੱਟ ਨਹੀਂ ਹੈ | ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ ਦੱਸਦੇ ਹਨ ਉਨ੍ਹਾਂ ਖੁਦ ਨਿੱਜੀ ਤੌਰ 'ਤੇ ਵਾਰਡ ਨੰਬਰ 3 ਅਤੇ 15 ਦੀ ਚੋਣ ਮੁਹਿੰਮ ਨੂੰ ਆਪਣੇ ਹੱਥ ਲਿਆ ਸੀ ਜਿਸ ਵਿਚੋਂ ਝੁੱਗੀ ਝੌਂਪੜੀ ਵਿਚ ਰਹਿਣ ਵਾਲੀ ਸੰਨੋ ਦੇਵੀ ਨੇ ਜਿੱਤ ਦਰਜ ਕਰ ਕੇ ਇਤਿਹਾਸ ਰਚਿਆ ਹੈ |