ਸੰਗਰੂਰ, 5 ਜੂਨ (ਧੀਰਜ ਪਸੌਰੀਆ) - ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ 20 ਮਈ ਨੂੰ ਕੀਤੀ ਦੇਸ਼ ਵਿਆਪੀ ਹੜਤਾਲ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ | ਇਸ ਸਬੰਧੀ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਬਬਲਾ ਨੇ ਦੱਸਿਆ ਕਿ 20 ਮਈ ਦੀ ਦੇਸ਼ ਵਿਆਪੀ ਹੜਤਾਲ ਤੋਂ ਬਾਅਦ ਜਿੱਥੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਲੰਬੀ ਬੈਠਕ ਹੋਈ ਹੈ ਉੱਥੇ ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰਗਿਸਟ ਦੇ ਨੁਮਾਇੰਦਿਆਂ ਨੇ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ ਹੈ | ਕੈਮਿਸਟ ਆਗੂਆਂ ਨੇ ਦੱਸਿਆ ਕੇਂਦਰੀ ਸਿਹਤ ਮੰਤਰੀ ਨਾਲ ਹੋਈ ਬੈਠਕ ਵਿਚ ਦੇਸ਼ ਵਿਚ ਚੱਲ ਰਹੀਆਂ ਗੈਰ ਕਾਨੂੰਨੀ ਆਨਲਾਈਨ ਫਾਰਮੇਸੀਆਂ ਦੇ ਗੰਭੀਰ ਮੁੱਦੇ ਤੇ ਖੁੱਲ ਕੇ ਚਰਚਾ ਹੋਈ | ਬੈਠਕ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਐਸੋਸੀਏਸ਼ਨ ਵੱਲੋਂ ਉਠਾਏ ਗਏ ਮੁੱਦਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ | ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਬੈਠਕ ਵਿਚ ਪੰਜਾਬ ਸਬੰਧੀ ਕੈਮਿਸਟਾਂ ਦੀਆਂ ਮੰਗਾਂ ਦੇ ਹੱਲ ਲਈ ਹੋਈ ਚਰਚਾ ਤੋਂ ਬਾਅਦ ਸਹਿਮਤੀ ਬਣ ਗਈ ਹੈ ਜਿਸ ਸਬੰਧੀ ਡਰਾਫ਼ਟ ਤਿਆਰ ਹੋ ਚੁੱਕਾ ਹੈ, ਕੁਝ ਦਿਨਾਂ ਵਿਚ ਹੀ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਜਾਵੇਗਾ |