ਲਾਈਟਾਂ ਦੇ ਖ਼ਰਾਬ ਹੋਣ ਕਾਰਨ ਰਾਤ ਨੂੰ ਸੜਕ 'ਤੇ ਰਹਿੰਦਾ ਘੁੱਪ ਹਨੇਰਾ
ਅਜੀਤ ਡੈਸਕ
08-06-2026
ਨਗਰ ਕੌਂਸਲ ਦਾ ਗਠਨ ਹੋਣ ਦੇ ਬਾਵਜੂਦ ਰਾਜਨੀਤੀ ਦੀ ਭੇਟ ਚੜ੍ਹ ਗਿਆ ਰਿਆਸਤੀ ਸ਼ਹਿਰ ਸੰਗਰੂਰ
ਸੰਗਰੂਰ ਸ਼ਹਿਰ ਦੇ ਕਈ ਚਿੰਤਕ ਇਹ ਗੱਲ ਆਮ ਕਹਿੰਦੇ ਹਨ ਕਿ ਸ਼ਹਿਰ ਨਗਰ ਕੌਂਸਲ ਦੇ ਗਠਨ ਤੋਂ ਬਗੈਰ ਹੀ ਚੰਗਾ ਸੀ, ਉਦੋਂ ਲੋਕਾਂ ਦੇ ਕੰਮ ਹੋ ਰਹੇ ਸਨ ਪਰ ਜਦੋਂ ਦਾ ਸੰਗਰੂਰ ਵਿਚ ਨਗਰ ਕੌਂਸਲ ਦਾ ਗਠਨ ਹੋਇਆ ਹੈ, ਉਦੋਂ ਤੋਂ ਹੀ ਇਹ ਰਿਆਸਤੀ ਸ਼ਹਿਰ ਬਾਹਰੀ ਰਾਜਨੀਤਿਕ ਦਖਲ ਅੰਦਾਜ਼ੀ ਕਾਰਨ ਸੌੜੀ ਰਾਜਨੀਤੀ ਦੀ ਭੇਟ ਚੜ੍ਹ ਗਿਆ ਹੈ | ਇੰਝ ਲੱਗਦਾ ਹੈ ਕਿ ਜਿਵੇਂ ਇੱਥੋਂ ਦੇ ਨਗਰ ਕੌਂਸਲ ਅਧਿਕਾਰੀਆਂ ਦੀ ਕਮਾਂਡ ਕਿਸੇ ਹੋਰ ਦੇ ਹੱਥ 'ਚ ਹੋਵੇ | ਇਸ ਬਾਹਰੀ ਦਖਲਅੰਦਾਜ਼ੀ ਦੇ ਖ਼ਿਲਾਫ਼ ਸੰਗਰੂਰ ਦੇ ਕਈ ਨਗਰ ਕੌਂਸਲਰ ਆਪਣੀ ਭੜਾਸ ਆਮ ਕੱਢਦੇ ਦੇਖੇ ਜਾ ਸਕਦੇ ਹਨ | ਦੂਜੇ ਪਾਸੇ ਸੰਗਰੂਰ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਿਟੀ ਪਾਰਕ, ਬਨਾਸਰ ਬਾਗ, ਪਟਿਆਲਾ ਗੇਟ ਰੋਡ ਆਦਿ ਵਾਸਤੇ ਕਈ ਮਹੀਨਿਆਂ ਤੋਂ ਫੰਡ ਆਉਣ ਦੇ ਬਾਵਜੂਦ ਉੱਥੇ ਕੰਮ ਸ਼ੁਰੂ ਨਹੀਂ ਹੋ ਰਿਹਾ ਹੈ, ਜਿਸ ਬਾਰੇ ਸ਼ਹਿਰ ਦੇ ਸਮਾਜ ਚਿੰਤਕ ਵਾਰ ਵਾਰ ਆਵਾਜ਼ ਉਠਾ ਰਹੇ ਹਨ ਪਰ ਲੱਗਦਾ ਬਾਹਰੀ ਰਾਜਨੀਤਿਕ ਦਾਖਲ ਅੰਦਾਜ਼ੀ ਕਾਰਨ ਸੰਗਰੂਰ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਵੀ ਚੁੱਪੀ ਵੱਟੀ ਹੋਈ ਹੈ, ਜਿਸ ਦਾ ਖ਼ਮਿਆਜ਼ਾ ਸੰਗਰੂਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ |