ਮਲੇਰਕੋਟਲਾ, 9 ਜੂਨ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਬੀ. ਸੀ. ਕਮਿਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਥਿੰਦ ਵਲੋਂ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਰਾਮਗੜ੍ਹੀਆ ਪਰਿਵਾਰਾਂ ਨੂੰ ਦਰਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਮੰਗਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਚੇਅਰਮੈਨ ਕੁਲਦੀਪ ਸਿੰਘ ਥਿੰਦ ਨੇ ਭਾਈਚਾਰੇ ਦੇ ਨੁਮਾਇੰਦਿਆਂ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੇ ਮੁਸ਼ਕਿਲਾਂ ਨੂੰ ਸਰਕਾਰ ਦੇ ਧਿਆਨ 'ਚ ਲਿਆ ਕੇ ਯੋਗ ਹੱਲ ਲਈ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਤੇ ਵਿਕਾਸ ਲਈ ਵਚਨਬੱਧ ਹੈ ਤੇ ਪਿਛੜੇ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਕੰਮ ਕਰ ਰਹੀ ਹੈ | ਮਲੇਰਕੋਟਲਾ ਦੇ ਪ੍ਰਸਿੱਧ ਉਦਯੋਗਪਤੀ, ਖੇਤੀਬਾੜੀ ਸੰਦ ਨਿਰਮਾਣ ਖੇਤਰ ਵਿੱਚ ਅੰਤਰਰਾਸ਼ਟਰੀ ਪਛਾਣ ਰੱਖਣ ਵਾਲੇ ਕੇ.ਐਸ. ਗਰੁੱਪ ਦੇ ਮਾਲਕ, ਵਾਤਾਵਰਨ ਪ੍ਰੇਮੀ ਤੇ ਇੰਟਰਨੈਸ਼ਨਲ ਪੀਸ ਅਵਾਰਡੀ ਇੰਦਰਜੀਤ ਸਿੰਘ ਮੁੰਡੇ ਨੇ ਵੀ ਭਾਈਚਾਰੇ ਨਾਲ ਜੁੜੇ ਮਸਲਿਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਸਮਾਜਿਕ ਏਕਤਾ, ਸਿੱਖਿਆ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਮੀਟਿੰਗ ਵਿੱਚ ਸਮਾਜ ਸੇਵੀ ਸੰਸਥਾ ਰਾਮਗੜ੍ਹੀਆ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਕੇ.ਐਸ. ਗਰੁੱਪ ਦੇ ਡਾਇਰੈਕਟਰ ਕਰਮ ਸਿੰਘ ਮੁੰਡੇ ਵਲੋਂ ਵੀ ਆਪਣੇ ਸੁਝਾਅ ਤੇ ਵਿਚਾਰ ਪੇਸ਼ ਕੀਤੇ | ਆਗੂਆਂ ਨੇ ਭਾਈਚਾਰੇ ਦੀ ਤਰੱਕੀ ਲਈ ਸਰਕਾਰ ਵੱਲੋਂ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ | ਸਮਾਗਮ ਦੌਰਾਨ ਇੰਦਰਜੀਤ ਸਿੰਘ ਮੁੰਡੇ ਵੱਲੋਂ ਬੀ.ਸੀ. ਕਮਿਸ਼ਨ ਦੇ ਚੇਅਰਮੈਨ ਕੁਲਦੀਪ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |