06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗਰਮੀ 'ਚ 72 ਘੰਟਿਆਂ ਤੋਂ ਟਾਵਰ 'ਤੇ ਚੜ੍ਹੇ ਹਰਜੀਤ ਸਿੰਘ ਦੇ ਸੁੱਜੇ ਪੈਰ ਤੇ ਗਰਮੀ ਕਾਰਨ ਝੁਲਸਿਆ ਚਿਹਰਾ

ਅਜੀਤ ਡੈਸਕ 12-06-2026

ਧੂਰੀ, 11 ਜੂਨ (ਸੰਜੇ ਲਹਿਰੀ)-5994 ਈ. ਟੀ. ਟੀ. ਟੀਚਰ ਭਰਤੀ ਜਥੇਬੰਦੀ ਵਿਚ ਬੈਕਲੋਗ ਦੇ ਨਾਂਅ 'ਤੇ ਨੌਕਰੀਆਂ ਤੋਂ ਵਾਂਝੇ ਰਹੇ ਕਰੀਬ 2994 ਈ. ਟੀ. ਟੀ. ਅਧਿਆਪਕਾਂ ਦੀ ਜਥੇਬੰਦੀ ਵਲੋਂ ਆਪਣੀ ਭਰਤੀ ਨੂੰ ਲੈ ਕੇ ਧੂਰੀ ਵਿਖੇ ਲਗਾਇਆ ਪੱਕਾ ਮੋਰਚਾ ਤੀਜੇ ਦਿਨ ਵਿਚ ਪ੍ਰਵੇਸ਼ ਕਰ ਗਿਆ ਤੇ ਲਗਪਗ ਪਿਛਲੇ 72 ਘੰਟਿਆਂ ਤੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਜਿਥੇ ਟਾਵਰ 'ਤੇ ਚੜੇ ਨੌਜਵਾਨ ਹਰਜੀਤ ਸਿੰਘ ਦਾ ਚਿਹਰਾ ਗਰਮੀ ਕਾਰਨ ਝੁਲਸਣ ਅਤੇ ਪੈਰ ਸੁੱਜਣ ਦੇ ਸਮਾਚਾਰ ਸਾਹਮਣੇ ਆਏ ਹਨ ਉਥੇ ਹੀ ਪੁਲਿਸ ਪ੍ਰਸ਼ਾਸਨ ਲਗਾਤਾਰ ਹਰਜੀਤ ਸਿੰਘ ਨੂੰ ਮਹਿਫ਼ੂਜ਼ ਤਰੀਕੇ ਨਾਲ ਟਾਵਰ ਤੋਂ ਹੇਠਾਂ ਉਤਾਰਨ ਲਈ ਯਤਨਸ਼ੀਲ ਹੈ | ਲੰਘੀ ਰਾਤ 12 ਵਜੇ ਤੱਕ ਪੁਲਿਸ ਦੇ ਅਧਿਕਾਰੀ ਅੱਗ ਬੁਝਾਊ ਗੱਡੀ ਦੀ (ਸਕਾਈ ਲਿਫ਼ਟ) ਪੌੜੀ ਰਾਹੀਂ ਹਰਜੀਤ ਸਿੰਘ ਨਾਲ ਬਿਲਕੁਲ ਉਸ ਦੇ ਨੇੜੇ ਜਾ ਕੇ ਗੱਲਬਾਤ ਕਰਦੇ ਦਿਖਾਈ ਦਿੱਤੇ ਪਰ ਗੱਲਬਾਤ ਬੇਸਿੱਟਾ ਰਹੀ ਅੱਜ ਫਿਰ ਦੁਪਹਿਰੇ ਥਾਣਾ ਸਿਟੀ ਧੂਰੀ ਦੇ ਐਸ. ਐੱਚ. ਓ. ਤੇ ਥਾਣਾ ਸਦਰ ਧੂਰੀ ਦੇ ਐਸ. ਐੱਚ. ਓ. ਅੱਗ ਬੁਝਾਊ ਗੱਡੀ ਦੀ ਸਕਾਈ ਲਿਫ਼ਟ ਰਾਹੀਂ ਲਗਪਗ ਅੱਧਾ ਘੰਟਾ ਹਰਜੀਤ ਸਿੰਘ ਨਾਲ ਗੱਲਬਾਤ ਕਰ ਕੇ ਆਏ | ਇਸ ਮੌਕੇ ਹਰਜੀਤ ਸਿੰਘ ਨਾਲ ਗੱਲਬਾਤ ਕਰ ਕੇ ਵਾਪਸ ਪਹੁੰਚੇ ਥਾਣਾ ਸਿਟੀ ਧੂਰੀ ਦੇ ਐਸ. ਐੱਚ. ਓ. ਜਸਬੀਰ ਸਿੰਘ ਤੂਰ ਨੇ ਦੱਸਿਆ ਕਿ ਹਰਜੀਤ ਸਿੰਘ ਨਾਲ ਸਾਰਥਕ ਗੱਲਬਾਤ ਹੋ ਰਹੀ ਹੈ | ਇਸੇ ਦੌਰਾਨ ਈ. ਟੀ. ਟੀ. ਟੀਚਰ ਜਥੇਬੰਦੀ ਦੇ ਬਾਕੀ ਧਰਨਾਕਾਰੀਆਂ ਵਲੋਂ ਧੂਰੀ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸਖ਼ਤ ਨਾਅਰੇਬਾਜ਼ੀ ਕਰਦਿਆਂ 5994 ਦੀ ਅਧੂਰੀ ਭਰਤੀ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ | ਜ਼ਿਕਰਯੋਗ ਹੈ ਕਿ ਬੀਤੀ ਰਾਤ ਟਾਵਰ 'ਤੇ ਬੈਠੇ ਹਰਜੀਤ ਸਿੰਘ ਨੇ ਭੁੱਖ ਹੜਤਾਲ ਦਾ ਐਲਾਨ ਵੀ ਕਰ ਦਿੱਤਾ ਸੀ | ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਧਰਨਾ ਸਥਾਨ 'ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਇਸ ਦੇ ਨਾਲ ਹੀ ਫਾਇਰ ਬਿ੍ਗੇਡ ਤੇ ਸਿਵਲ ਹਸਪਤਾਲ ਧੂਰੀ ਦੀਆਂ ਐਂਬੂਲੈਂਸ ਦੀਆਂ ਗੱਡੀਆਂ ਵੀ ਦਿਖਾਈ ਦਿੱਤੀਆਂ | ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਅਸ਼ੋਕ ਬਾਵਾ ਕੰਬੋਜ ਬਖ਼ਸ਼ੀਸ਼ ਸਰਹੰਦ, ਸੁਖਪ੍ਰੀਤ ਸਿੰਘ ਮਾਨਸਾ, ਅਮਨ ਟਿਵਾਣਾ, ਰਾਜਕੁਮਾਰ, ਵਿਜੇ ਕੁਮਾਰ, ਸੁਰਿੰਦਰ ਕੁਮਾਰ, ਸਿਮਰਨ ਕੌਰ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਏ |
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨੌਜਵਾਨ ਕੀਤਾ ਜ਼ਖ਼ਮੀ ਅਗਲੀ ਖ਼ਬਰ ਸਰਪੰਚ ਭੀਮ ਦਾਸ ਬਾਵਾ ਬਣੇ ਵੈਰਾਗੀ ਵੈੱਲਫੇਅਰ ਬੋਰਡ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।