28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸੱਤਾ ਦੇ ਨਸ਼ੇ 'ਚ ਚੂਰ ਪੰਚਾਇਤ ਅੱਗੇ ਬੇਵੱਸ ਹੋਈ ਅਫ਼ਸਰਸ਼ਾਹੀ <br/>

ਅਜੀਤ ਡੈਸਕ 17-06-2026
ਅਮਰਗੜ੍ਹ, 16 ਜੂਨ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਲੋਕਤੰਤਰ ਦੇ ਦਾਅਵਿਆਂ ਅਤੇ ਕਾਨੂੰਨ ਦੇ ਰਾਜ ਦੀਆਂ ਗੱਲਾਂ ਓਦੋਂ ਹਵਾ ਹੋ ਜਾਂਦੀਆਂ ਹਨ ਜਦੋਂ ਸਿਸਟਮ ਕਿਸੇ ਨਾਗਰਿਕ ਨੂੰ ਸਿਆਸੀ ਬਦਲਾਖ਼ੋਰੀ ਦੀ ਭੱਠੀ 'ਚ ਝੁਲਸਣ ਲਈ ਇਕੱਲਾ ਛੱਡ ਦਿੰਦਾ ਹੈ | ਅਜਿਹਾ ਹੀ ਇੱਕ ਗੰਭੀਰ ਮਾਮਲਾ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਅਮਰਗੜ੍ਹ ਦੇ ਅਧੀਨ ਆਉਂਦੇ ਪਿੰਡ ਗਵਾਰਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸੀਨੀਅਰ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਜਥੇਦਾਰ ਮੇਘ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਪਿਛਲੇ ਕਰੀਬ ਡੇਢ ਸਾਲ ਤੋਂ ਆਪਣੇ ਘਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਿਸਟਮ ਦੇ ਬੂਹੇ 'ਤੇ ਤਰਲੇ ਕੱਢਣ ਲਈ ਮਜਬੂਰ ਹਨ | ਹੱਦ ਤਾਂ ਓਦੋਂ ਹੋ ਗਈ ਜਦੋਂ ਹਾਈਕੋਰਟ ਅਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਸਪਸ਼ਟ ਹੁਕਮਾਂ ਨੂੰ ਵੀ ਸਥਾਨਕ ਪੰਚਾਇਤ ਅਤੇ ਅਧਿਕਾਰੀਆਂ ਨੇ ਹਿੱਕ ਦੇ ਜ਼ੋਰ 'ਤੇ ਟਿੱਚ ਜਾਣਿਆ | ਰਾਜਨੀਤਿਕ ਕਿੜ ਅਤੇ ਪਾਰਟੀਬਾਜ਼ੀ ਦੇ ਸ਼ਿਕਾਰ ਹੋਏ ਪੀੜਤ ਜਥੇਦਾਰ ਮੇਘ ਸਿੰਘ ਗੁਆਰਾ ਨੇ ਭਰੇ ਮਨ ਨਾਲ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ | ਸੱਤਾ ਦੇ ਨਸ਼ੇ 'ਚ ਚੂਰ ਮੌਜੂਦਾ ਪੰਚਾਇਤ ਵਲੋਂ ਸਿਰਫ਼ ਰਾਜਨੀਤਿਕ ਕਿੜ ਕੱਢਣ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲਈ ਇਸ ਮਸਲੇ ਨੂੰ ਉਲਝਾਇਆ ਜਾ ਰਿਹਾ ਹੈ | ਉਨ੍ਹਾਂ ਦੇ ਘਰ ਦੇ ਬਿਲਕੁਲ ਨਾਲ ਖ਼ਸਰਾ ਨੰਬਰ 952 'ਚ ਪੰਚਾਇਤੀ ਟੋਭਾ ਮੌਜੂਦ ਹੈ, ਜਿਸ 'ਚ ਪਿੰਡ ਦੇ ਸੁਖਵਿੰਦਰ ਸਿੰਘ ਅਤੇ ਤਰਸਪਾਲ ਸਿੰਘ ਜਿਸਦੀ ਘਰਵਾਲੀ ਮੌਜੂਦਾ ਸਰਪੰਚ ਹੈ, ਉਨ੍ਹਾਂ ਦੇ ਘਰਾਂ ਦਾ ਪਾਣੀ ਬੇਰੋਕ-ਟੋਕ ਪੈ ਰਿਹਾ ਹੈ | ਪਰ ਜਦੋਂ ਗੱਲ ਜਥੇਦਾਰ ਮੇਘ ਸਿੰਘ ਅਤੇ ਉਨ੍ਹਾਂ ਦੇ ਗੁਆਂਢੀ ਬਚਿੱਤਰ ਸਿੰਘ ਦੀ ਆਉਂਦੀ ਹੈ ਤਾਂ ਪੰਚਾਇਤ ਦੀ ਸਿਆਸੀ ਐਨਕ ਦਾ ਰੰਗ ਬਦਲ ਜਾਂਦਾ ਹੈ | ਜਥੇਦਾਰ ਗੁਆਰਾ ਨੇ ਆਖਿਆ ਕਿ ਅਸੀਂ ਲਿਖ ਕੇ ਦਿੱਤਾ ਹੈ ਕਿ ਜੇਕਰ ਪੰਚਾਇਤ ਕੋਲ ਫ਼ੰਡ ਨਹੀਂ ਹਨ, ਤਾਂ ਅਸੀਂ ਪਾਈਪ ਲਾਈਨ ਦਾ ਸਾਰਾ ਖ਼ਰਚਾ ਆਪਣੀ ਜੇਬ ਚੋਂ ਕਰਨ ਨੂੰ ਤਿਆਰ ਹਾਂ, ਪਰ ਸਿਆਸੀ ਖੁੰਧਕ ਕਾਰਨ ਸਾਨੂੰ ਕਾਨੂੰਨੀ ਹੱਕ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ | ਪਿੰਡ ਗੁਆਰਾ ਦਾ ਇਹ ਮਾਮਲਾ ਪ੍ਰਸ਼ਾਸਨਿਕ ਬੇਰੁਖ਼ੀ ਦੀ ਜਿਉਂਦੀ-ਜਾਗਦੀ ਮਿਸਾਲ ਹੈ ਕਿਉਂਕਿ 6 ਫਰਵਰੀ 2025 ਨੂੰ ਬੀ.ਡੀ.ਪੀ.ਓ. ਦਫ਼ਤਰ ਤੋਂ ਸ਼ੁਰੂ ਹੋਈ ਅਰਜ਼ੀਆਂ ਦੀ ਲੜੀ ਜਦੋਂ ਡਾਇਰੈਕਟਰ ਪੇਂਡੂ ਵਿਕਾਸ ਤੱਕ ਪਹੁੰਚ ਕੇ ਵੀ ਬੇਅਸਰ ਰਹੀ, ਤਾਂ ਨਿਰਾਸ਼ ਹੋ ਕੇ ਬਜ਼ੁਰਗ ਆਗੂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ | ਅਦਾਲਤ ਵਲੋਂ ਸਪੀਕਿੰਗ ਆਰਡਰ ਸੁਣਾਉਂਦਿਆਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਤੁਰੰਤ ਮਸਲਾ ਹੱਲ ਕਰਨ ਦੇ ਹੁਕਮ ਦਿੱਤੇ ਤੇ ਡਿਪਟੀ ਕਮਿਸ਼ਨਰ ਨੇ ਬੀ.ਡੀ.ਪੀ.ਓ. ਅਮਰਗੜ੍ਹ ਅਤੇ ਪੰਚਾਇਤ ਨੂੰ ਸਖ਼ਤ ਹਦਾਇਤ ਕੀਤੀ ਕਿ ਪਾਣੀ ਦਾ ਨਿਕਾਸ ਨਾਲ ਲੱਗਦੇ ਟੋਭੇ 'ਚ ਕੀਤਾ ਜਾਵੇ | ਜਦੋਂ ਡੀ.ਸੀ. ਦੇ ਹੁਕਮਾਂ ਤਹਿਤ ਜੇ.ਈ. ਸੰਜੀਵ ਕੁਮਾਰ ਮੌਕਾ ਦੇਖਣ ਅਤੇ ਮਿਣਤੀ ਕਰਨ ਪਿੰਡ ਪਹੁੰਚੇ, ਤਾਂ ਪੰਚਾਇਤ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ | ਹੈਰਾਨੀ ਦੀ ਗੱਲ ਇਹ ਹੈ ਕਿ ਮੌਜੂਦਾ ਪੰਚਾਇਤ ਮੈਂਬਰ ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਖ਼ੁਦ ਡੀ.ਸੀ ਕੋਲ ਮੇਘ ਸਿੰਘ ਦੇ ਹੱਕ 'ਚ ਬਿਆਨ ਦਰਜ ਕਰਵਾ ਚੁੱਕੇ ਹਨ, ਪਰ ਫਿਰ ਵੀ ਅਫ਼ਸਰਸ਼ਾਹੀ ਪੰਚਾਇਤ ਦੇ ਅੜੀਅਲ ਰਵੱਈਏ ਅੱਗੇ ਗੋਡੇ ਟੇਕੀ ਬੈਠੀ ਹੈ | ਜਥੇਦਾਰ ਮੇਘ ਸਿੰਘ ਨੇ ਹੁਣ ਡਿਪਟੀ ਕਮਿਸ਼ਨਰ ਮਲੇਰਕੋਟਲਾ ਕੋਲ ਦੁਬਾਰਾ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ |

ਪਿਛਲੀ ਖ਼ਬਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨਾ ਤੈਅ-ਸੋਨੂ <br/> ਅਗਲੀ ਖ਼ਬਰ ਡਰੇਨਾਂ ਦੀ ਸਫਾਈ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸਾੜੀ ਪੰਜਾਬ ਸਰਕਾਰ ਦੀ ਅਰਥੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।