ਸੰਗਰੂਰ, 16 ਜੂਨ (ਅਮਨਦੀਪ ਸਿੰਘ ਬਿੱਟਾ) - ਕਾਂਗਰਸ ਪਾਰਟੀ ਦੇ ਓ.ਬੀ.ਸੀ ਸੈੱਲ ਦੇ ਉੱਪ ਚੇਅਰਮੈਨ ਦੇ ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਸਰਕਾਰ ਦੀ ਧੱਕੇਸ਼ਾਹੀਆਂ ਦੇ ਬਾਵਜੂਦ ਪਾਰਟੀ ਦਾ ਪ੍ਰਦਰਸ਼ਨ ਬਹੁਤੇ ਥਾਵਾਂ 'ਤੇ ਸ਼ਾਨਦਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਅੰਦਰ ਸਰਕਾਰ ਬਣਾਉਣ ਜਾ ਰਹੀ ਹੈ | ਸੱਤਾਧਾਰੀ ਧਿਰ ਆਪ ਪਾਰਟੀ ਉੱਪਰ ਕਰਾਰਾ ਹਮਲਾ ਬੋਲਦਿਆਂ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਅੱਜ ਇੰਝ ਲੱਗ ਰਿਹਾ ਹੈ ਕਿ ਜਿਵੇਂ ਪੂਰਾ ਪੰਜਾਬ ਧਰਨਿਆਂ, ਮੁਜ਼ਾਹਰਿਆਂ ਵਾਲਾ ਸੂਬਾ ਹੀ ਬਣ ਗਿਆ ਹੈ ਅਤੇ ਰਾਜ 'ਚ ਸਰਕਾਰ ਨਾਮ ਦੀ ਕੋਈ ਚੀਜ਼ ਵੀ ਨਹੀਂ ਹੈ | ਹਰ ਵਰਗ ਭਾਵੇਂ ਉਹ ਕਿਸਾਨ, ਵਪਾਰੀ, ਮਜ਼ਦੂਰ ਹੋਵੇ ਜਾਂ ਮੁਲਾਜ਼ਮ ਹੋਣ ਇਸ ਸਰਕਾਰ ਤੋਂ ਇਸ ਕਦਰ ਨਿਰਾਸ ਹੈ ਕਿ ਸੰਘਰਸ਼ ਕਰਨ ਲਈ ਮਜਬੂਰ ਹੈ ਪਰ ਧਰਨਿਆਂ ਦੌਰਾਨ ਇਨਸਾਫ਼ ਦੀ ਥਾਂ ਉਨ੍ਹਾਂ ਉੱਪਰ ਲਾਠੀਚਾਰਜ ਜਾਂ ਜਬਰ ਜ਼ੁਲਮ ਹੀ ਕੀਤਾ ਜਾ ਰਿਹਾ ਹੈ | ਭਾਜਪਾ ਅਤੇ ਅਕਾਲੀ ਦਲ ਵਲੋਂ ਆਪਣਾ ਜਨ ਆਧਾਰ ਪੰਜਾਬ 'ਚ ਪੂਰੀ ਤਰ੍ਹਾਂ ਗਵਾਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਕੋਲ ਕੇਵਲ ਆਸ ਦੀ ਕਿਰਨ ਕਾਂਗਰਸ ਹੀ ਹੈ ਅਤੇ ਪੰਜਾਬੀ ਇਸ ਵਾਰ ਹਰ ਹੀਲੇ ਕਾਂਗਰਸ ਦੀ ਸਰਕਾਰ ਬਣਾਉਣਗੇ |