ਲੌਂਗੋਵਾਲ, 16 ਜੂਨ (ਵਿਨੋਦ ਸ਼ਰਮਾ) - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਤ ਅਤਰ ਸਿੰਘ ਕਮੇਟੀ ਸ਼ੇਰੋਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਰੰਭ ਹੋਏ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ 'ਚ ਇਲਾਕੇ ਭਰ ਦੀ ਸਾਧ ਸੰਗਤ ਨੇ ਹਿੱਸਾ ਲਿਆ | ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸੰਗਤਾਂ ਵਲੋਂ ਰਸਤਿਆਂ ਨੂੰ ਸਾਫ ਕਰਕੇ ਸੁੰਦਰ ਵਿਛਾਈਆਂ ਕੀਤੀਆਂ ਗਈਆਂ | ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਹੈ ਕਿ ਨਗਰ ਦੀ ਪੁਰਾਤਨ ਪ੍ਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਲੱਦੀ ਪਾਲਕੀ ਵਿਚ ਸ਼ੁਸ਼ੋਭਿਤ ਕਰਕੇ ਮੋਢਿਆਂ 'ਤੇ ਚੁੱਕ ਕੇ ਪੈਦਲ ਹੀ ਸਮੁੱਚੇ ਨਗਰ ਦੀ ਪਰਿਕਰਮਾ ਕੀਤੀ ਜਾਂਦੀ ਹੈ | ਇਸ ਦੌਰਾਨ ਸਿੱਖ ਪੰਥ ਦੇ ਢਾਡੀ ਅਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਬਿੱਕਰ ਸਿੰਘ, ਅਮਰਜੀਤ ਸਿੰਘ ਖਜਾਨਚੀ, ਮੀਤ ਪ੍ਰਧਾਨ ਜਥੇਦਾਰ ਕੌਰ ਸਿੰਘ, ਰਾਮ ਸਿੰਘ ਸਕਤੱਰ, ਜਗਜੀਤ ਸਿੰਘ ਸਹਿ. ਸਕਤੱਰ, ਜਗਤਾਰ ਸਿੰਘ ਸਹਿ. ਖਜਾਨਚੀ, ਨਿਰਭੈ ਸਿੰਘ, ਮਨਦੀਪ ਸਿੰਘ ਢਿੱਲੋਂ, ਮੀਤ ਗ੍ਰੰਥੀ ਭਾਈ ਬਲਜਿੰਦਰ ਸਿੰਘ ਅਤੇ ਗ੍ਰੰਥੀ ਜੱਗੀ ਸਿੰਘ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਹਾਜ਼ਰ ਸਨ |