27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਅਮਰਗੜ੍ਹ 'ਚ ਭਾਜਪਾ ਦੀ ਵੱਡੀ ਕਾਰਵਾਈ, ਦੋ ਸੀਨੀਅਰ ਆਗੂ ਮੁਅੱਤਲ <br/>

ਅਜੀਤ ਡੈਸਕ 17-06-2026
ਅਮਰਗੜ੍ਹ, 16 ਜੂਨ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਚਲਦਿਆਂ ਸਾਬਕਾ ਮੰਡਲ ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਸੰਦੀਪ ਕੌੜਾ ਅਤੇ ਬੁੱਧੀਜੀਵੀ ਸੈੱਲ ਦੇ ਮੈਂਬਰ ਪ੍ਰੇਮ ਚੰਦ ਕਪੂਰ ਨੂੰ ਭਾਰਤੀ ਜਨਤਾ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ ਗਿਆ ਹੈ | ਇਸ ਸਬੰਧੀ ਅਧਿਕਾਰਤ ਜਾਣਕਾਰੀ ਹਲਕਾ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਅਤੇ ਸਰਕਲ ਪ੍ਰਧਾਨ ਪਵਨ ਸ਼ਰਮਾ ਵਲੋਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੇ ਲੈਟਰ ਹੈੱਡ ਦੀ ਕਾਪੀ ਜਾਰੀ ਕਰਦਿਆਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ, ਜਿਸ 'ਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਉਕਤ ਦੋਵਾਂ ਆਗੂਆਂ ਨੂੰ ਪਾਰਟੀ ਚੋਂ ਸਸਪੈਂਡ ਕਰਨ ਬਾਰੇ ਲਿਖਿਆ ਹੋਇਆ ਸੀ | ਹੀਰਾ ਸਿੰਘ ਅਮਰਗੜ੍ਹ ਤੇ ਪਵਨ ਸ਼ਰਮਾ ਨੇ ਦੱਸਿਆ ਕਿ ਸੰਦੀਪ ਕੌੜਾ ਜੋ ਪਹਿਲਾਂ ਮੰਡਲ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਵਰਗੇ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ ਨੇ ਨਗਰ ਪੰਚਾਇਤ ਅਮਰਗੜ੍ਹ ਦੀ ਕੌਂਸਲਰ ਚੋਣ ਪਾਰਟੀ ਤੋਂ ਬਾਹਰ ਜਾ ਕੇ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਤੇ ਪ੍ਰੇਮ ਚੰਦ ਕਪੂਰ ਬੁੱਧੀਜੀਵੀ ਸੈੱਲ ਦੇ ਮੈਂਬਰ ਵੀ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਪਾਏ ਗਏ ਸਨ | ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਦੇ ਦੋਸ਼ ਹੇਠ ਇਨ੍ਹਾਂ ਦੋਵਾਂ ਆਗੂਆਂ ਖ਼ਿਲਾਫ਼ ਇਹ ਸਖ਼ਤ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੰਗਠਨ ਦੇ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਪਾਰਟੀ ਵਿਰੁੱਧ ਕੰਮ ਕਰਨ ਵਾਲਿਆਂ ਖ਼ਿਲਾਫ਼ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ | ਇਸ ਮੌਕੇ ਜ਼ਿਲ੍ਹਾ ਐਸ.ਸੀ. ਮੋਰਚਾ ਦੇ ਹਰਜਿੰਦਰ ਸਿੰਘ ਮੰਨਵੀ, ਡਾਕਟਰ ਮਿਕਲ ਗੁਪਤਾ, ਕੁਲਦੀਪ ਸਿੰਗਲਾ, ਕਿਸਾਨ ਸੰਘ ਦੇ ਪ੍ਰਧਾਨ ਗੁਰਵਿੰਦਰ ਸਿੰਘ, ਹਰਮਨ ਕੌੜਾ ਸਾਬਕਾ ਮੰਡਲ ਪ੍ਰਧਾਨ, ਤਰਸੇਮ ਭੰਡਾਰੀ, ਨਿਰਭੈ ਸਿੰਘ ਸੋਨੀ, ਅਵਤਾਰ ਸਿੰਘ ਤਾਰੀ, ਸ਼ੰਕਰ ਪ੍ਰਸਾਦ, ਸਾਹਿਲ ਅਤੇ ਹੋਰ ਆਗੂ ਮੌਜੂਦ ਸਨ | ਉੱਧਰ ਸਾਬਕਾ ਮੰਡਲ ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਸੰਦੀਪ ਕੌੜਾ ਅਤੇ ਬੁੱਧੀਜੀਵੀ ਸੈੱਲ ਪੰਜਾਬ ਦੇ ਮੈਂਬਰ ਪ੍ਰੇਮ ਚੰਦ ਕਪੂਰ ਨੇ ਪਾਰਟੀ' ਚੋਂ ਸਸਪੈਂਡ ਕੀਤੇ ਜਾਣ ਸਬੰਧੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ 1974 ਤੋਂ ਭਾਜਪਾ ਦੇ ਸੱਚੇ ਸਿਪਾਹੀ ਰਹੇ ਹਨ ਅਤੇ ਉਨ੍ਹਾਂ ਨੇ ਕਦੇ ਵੀ ਕੋਈ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਕੀਤੀ | ਨਗਰ ਪੰਚਾਇਤ ਚੋਣਾਂ ਵਿਚ ਆਜ਼ਾਦ ਉਮੀਦਵਾਰ ਖੜ੍ਹੇ ਕਰਨ ਬਾਰੇ ਉਨ੍ਹਾਂ ਕਿਹਾ ਕਿ ਮੰਡਲ ਪ੍ਰਧਾਨ ਵੱਲੋਂ ਭਾਜਪਾ ਦੇ ਉਮੀਦਵਾਰਾਂ ਦੀ ਚੋਣ ਸਬੰਧੀ ਉਨ੍ਹਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ | ਇਸ ਕਾਰਨ ਉਨ੍ਹਾਂ ਨੂੰ ਮਜਬੂਰਨ ਵਾਰਡ ਨੰਬਰ 3, 4 ਅਤੇ 5 ਤੋਂ ਆਜ਼ਾਦ ਉਮੀਦਵਾਰ ਖੜ੍ਹੇ ਕਰਨੇ ਪਏ | ਉਨ੍ਹਾਂ ਦਾਅਵਾ ਕੀਤਾ ਕਿ ਤਿੰਨ 'ਚੋਂ ਦੋ ਉਮੀਦਵਾਰਾਂ ਨੂੰ ਜਿਤਾਉਣ ਵਿਚ ਉਹ ਕਾਮਯਾਬ ਰਹੇ ਹਨ, ਜਦਕਿ ਭਾਜਪਾ ਉਮੀਦਵਾਰਾਂ ਦਾ ਪ੍ਰਦਰਸ਼ਨ ਉਮੀਦਾਂ ਅਨੁਸਾਰ ਨਹੀਂ ਰਿਹਾ |

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕੇਂਦਰ ਸਰਕਾਰ ਦੇ 200 ਲੀਟਰ ਡੀਜ਼ਲ ਸੀਮਾ ਵਾਲੇ ਫ਼ੈਸਲੇ ਦੀ ਕਿਸਾਨ ਯੂਨੀਅਨ ਵਲੋਂ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।