ਬਰਨਾਲਾ, 17 ਜੂਨ (ਗੁਰਪ੍ਰੀਤ ਸਿੰਘ ਲਾਡੀ)- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫ਼ਤਰ ਬਰਨਾਲਾ ਦੇ ਮੁਲਾਜ਼ਮਾਂ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਲਮ ਛੋੜ ਹੜਤਾਲ ਕਰ ਕੇ ਦਫ਼ਤਰ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਗੱਲਬਾਤ ਕਰਦਿਆਂ ਸੈਕਟਰੀ ਲਾਭ ਸਿੰਘ, ਨਿਤੀਸ਼ ਕੁਮਾਰ, ਰਾਜ ਕੁਮਾਰ, ਸੰਦੀਪ ਸਿੰਘ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਨੂੰ ਫਰਵਰੀ 2026 ਤੋਂ ਬਾਅਦ ਦੀ ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀਆਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ। ਸਟਾਫ਼ ਵਲੋਂ ਤਨਖ਼ਾਹ ਨਾ ਮਿਲਣ ਦਾ ਕਾਰਨ ਦੱਸਿਆ ਗਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਸਿਵਲ ਸੂਟ ਨੰਬਰ 314 ਆਫ਼ 2021 ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ ਵਿਚ ਪਏ ਮੁਆਵਜ਼ੇ ਦੀ ਰਕਮ 31,50,234 ਰੁਪਏ ਅਦਾ ਕਰਨ ਲਈ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਕੋਰਟ ਵਿਚ ਦਿੱਤਾ ਗਿਆ। ਜਿਸ ਕਾਰਨ ਸਿਵਲ ਕੋਰਟ ਵਲੋਂ ਪੰਚਾਇਤ ਸੰਮਤੀ ਬਰਨਾਲਾ ਦੇ ਖਾਤੇ ਨੂੰ ਹੋਲਡ ‘ਤੇ ਲਾ ਦਿੱਤਾ ਗਿਆ ਹੈ। ਸਮੂਹ ਸਟਾਫ਼ ਦੀ ਤਨਖ਼ਾਹ ਇਸ ਖਾਤੇ ਵਿਚੋਂ ਦਿੱਤੀ ਜਾਂਦੀ ਹੈ। ਲੰਮੇ ਸਮੇਂ ਤੋਂ ਚੱਲਦੀ ਆ ਰਹੀ ਕਲਮ ਛੋੜ ਹੜਤਾਲ ਵੱਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀਆਂ ਨੂੰ ਆਪਣੇ ਘਰੇਲੂ ਖ਼ਰਚੇ ਪੂਰੇ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਕਈ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਲੰਮੀ ਅਤੇ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਹਨ। ਜੇਕਰ ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੁੱਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਜਿਸ ਦਾ ਮੁਆਵਜ਼ਾ ਵੀ ਪ੍ਰਸ਼ਾਸਨ ਨੂੰ ਹੀ ਭੁਗਤਣਾ ਪਵੇਗਾ। ਜੇਕਰ ਪ੍ਰਸ਼ਾਸਨ ਵਲੋਂ ਇਸ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਰਮਚਾਰੀਆਂ ਵਲੋਂ ਦਫ਼ਤਰ ਦੀਆਂ ਸਮੂਹ ਬਰਾਂਚਾਂ ਤੇ ਮੁੱਖ ਗੇਟ ਨੂੰ ਜਿੰਦਰੇ ਲਾ ਦਿੱਤੇ ਜਾਣਗੇ ਅਤੇ ਦਫ਼ਤਰ ਦਾ ਮੁਕੰਮਲ ਕੰਮ ਬੰਦ ਕਰਨ ਲਈ ਕਰਮਚਾਰੀਆਂ ਵਿਚ ਭਾਰੀ ਰੋਸ ਜਿਤਾਇਆ ਜਾ ਰਿਹਾ ਹੈ।
ਬੀ.ਡੀ.ਪੀ. ਓ. ਦਫ਼ਤਰ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਨਾ ਮਿਲਣ ਕਾਰਨ ਗੇਟ ਅੱਗੇ ਲਾਇਆ ਧਰਨਾ
ਅਜੀਤ ਡੈਸਕ
18-06-2026