ਸ਼ਹਿਣਾ, 17 ਜੂਨ (ਸੁਰੇਸ਼ ਗੋਗੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਉਨ੍ਹਾਂ ਵਲੋਂ ਨਾਮਵਰ ਲੇਖਕ ਤੇ ਨਾਟਕਕਾਰ ਸਵ: ਬਲਵੰਤ ਗਾਰਗੀ ਦੀ ਯਾਦ ਵਿਚ ਗੇਟ ਬਣਾਏ ਜਾਣ ਦਾ ਕੀਤਾ ਗਿਆ ਯਤਨ ਅਧੂਰਾ ਰਹਿ ਜਾਣ ਉਪਰੰਤ ਵੱਖ-ਵੱਖ ਆਗੂਆਂ ਵਲੋਂ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਵਲੋਂ ਆਪਣੇ ਸਾਥੀਆਂ ਸਮੇਤ ਕੁੱਝ ਸਾਲ ਪਹਿਲਾਂ ਨਾਟਕਕਾਰ ਬਲਵੰਤ ਗਾਰਗੀ ਯਾਦਗਾਰੀ ਟਰੱਸਟ ਸਥਾਪਿਤ ਕੀਤਾ ਗਿਆ ਸੀ ਅਤੇ ਜਿੱਥੇ ਬਲਵੰਤ ਗਾਰਗੀ ਦਾ ਨਹਿਰੀ ਕੋਠੀ ਸ਼ਹਿਣਾ ਵਿਖੇ ਜਨਮ ਹੋਇਆ, ਉਸ ਥਾਂ ‘ਤੇ ਕਈ ਸਾਹਿਤਕ ਪ੍ਰੋਗਰਾਮ ਵੀ ਇਸ ਟਰੱਸਟ ਵਲੋਂ ਕਰਵਾਏ ਗਏ। ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਆਉਂਦਿਆਂ ਕੁਲਵੰਤ ਸਿੰਘ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਨੇੜਤਾ ਸਦਕਾ ਬਲਵੰਤ ਗਾਰਗੀ ਯਾਦਗਾਰੀ ਗੇਟ ਨਹਿਰੀ ਬੱਸ ਅੱਡੇ ਨੇੜੇ ਯਤਨ ਸ਼ੁਰੂ ਕੀਤਾ ਗਿਆ ਅਤੇ ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਚਾਰ ਲੱਖ ਰੁਪਏ ਦੀ ਗ੍ਰਾਂਟ ਪੰਚਾਇਤ ਤੋਂ ਵੱਖਰੇ ਤੌਰ ‘ਤੇ ਟਰੱਸਟ ਦੇ ਨਾਂਅ ਮਨਜ਼ੂਰ ਕਰਵਾ ਕੇ ਗੇਟ ਦੀ ਉਸਾਰੀ ਕੀਤੀ ਸੀ, ਪਰ ਗੇਟ ਪੂਰਾ ਨਹੀਂ ਹੋ ਸਕਿਆ। ਪਿਛਲੇ ਸਮੇਂ ਦੌਰਾਨ ਵੀ ਸਵ: ਸੁਖਵਿੰਦਰ ਸਿੰਘ ਕਲਕੱਤਾ ਵਲੋਂ ਇਸ ਗੇਟ ਦਾ ਮੁੱਦਾ ਮੀਡੀਆ ਰਾਹੀਂ ਚੁੱਕਿਆ ਗਿਆ ਸੀ। ਹੁਣ ਜਦ ਟਰੱਸਟ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਭਾਜਪਾ ਵਿਚ ਚਲੇ ਗਏ ਹਨ, ਤਾਂ ਉਸ ਉਪਰੰਤ ਗੇਟ ਦਾ ਮੁੱਦਾ ਫਿਰ ਸਿਆਸੀ ਧਿਰਾਂ ਵਿਚ ਗਰਮਾਇਆ ਹੋਇਆ ਹੈ। ਵੱਖ-ਵੱਖ ਆਗੂਆਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਲਵੰਤ ਗਾਰਗੀ ਦੀ ਯਾਦ ਵਿਚ ਕਰਵਾਏ ਸਮਾਗਮਾਂ ਮੌਕੇ ਉਸ ਸਮੇਂ ਦੇ ਕੈਬਨਿਟ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵੀ ਪਹੁੰਚਦੇ ਰਹੇ ਹਨ ਅਤੇ ਬਲਵੰਤ ਗਾਰਗੀ ਦੀ ਯਾਦਗਾਰ ਵਧੀਆ ਢੰਗ ਨਾਲ ਬਣਾਉਣ ਦੇ ਐਲਾਨ ਵੀ ਕੀਤੇ ਗਏ, ਜਦ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਕੀਤੀ ਟਿੱਪਣੀ ਅਨੁਸਾਰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਹਿੰਦਿਆਂ ਜਦ ਨਾਮਵਰ ਲੇਖਕ ਦੀ ਯਾਦਗਾਰ ਪੂਰੀ ਨਹੀਂ ਕੀਤੀ ਗਈ, ਤਾਂ ਹੋਰ ਵਿਕਾਸ ਕੀ ਕੀਤਾ ਜਾ ਸਕਦਾ ਹੈ। ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਵੀ ਇਸ ਗੇਟ ‘ਤੇ ਚਰਚਾ ਕਰਦਿਆਂ ਕਿਹਾ ਕਿ ਜੇ ਸਰਕਾਰ ਪ੍ਰੋਜੈਕਟ ਨੂੰ ਪੂਰਾ ਨਹੀਂ ਕਰ ਸਕਦੀ ਸੀ, ਤਾਂ ਸ਼ੁਰੂ ਕਰਨ ਦੀ ਲੋੜ ਨਹੀਂ ਸੀ। ਇਸ ਸਬੰਧੀ ਕੁਲਵੰਤ ਸਿੰਘ ਸਿੱਧੂ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਹੋਣ ਕਰ ਕੇ ਸਿਰਫ਼ ਕੁਲਦੀਪ ਸਿੰਘ ਧਾਲੀਵਾਲ ਹੀ ਨਹੀਂ, ਬਲਕਿ ਹਰਪਾਲ ਸਿੰਘ ਚੀਮਾ, ਸ੍ਰੀ ਅਮਨ ਅਰੋੜਾ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਦੇ ਨੇੜੇ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਤੋਂ 8 ਲੱਖ ਰੁਪਏ ਦੀ ਗੇਟ ਦੀ ਉਸਾਰੀ ਲਈ ਗ੍ਰਾਂਟ ਦੀ ਮੰਗ ਕੀਤੀ ਗਈ ਸੀ, ਪਰ ਉਨ੍ਹਾਂ ਪਹਿਲੀ ਕਿਸ਼ਤ ਦੇ ਰੂਪ ਵਿਚ 4 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ, ਬਾਅਦ ਵਿਚ ਉਨ੍ਹਾਂ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਤੇ ਗ੍ਰਾਂਟ ਜਾਰੀ ਨਹੀਂ ਹੋ ਸਕੀ। ਕੁਲਵੰਤ ਸਿੰਘ ਨੇ ਕਿਹਾ ਕਿ ਗ੍ਰਾਂਟ 4 ਲੱਖ ਦੀ ਜਾਰੀ ਹੋਈ, ਪਰ ਉਸ ਨੇ 5 ਲੱਖ 22 ਹਜ਼ਾਰ ਗੇਟ ‘ਤੇ ਖ਼ਰਚ ਕੀਤੇ। ਉਸ ਨੇ ਇਹ ਵੀ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ 3 ਲੱਖ ਰੁਪਏ ਦੀ ਗ੍ਰਾਂਟ ਗੇਟ ਲਈ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਸ ਨੇ ਘੱਟ ਰਾਸ਼ੀ ਹੋਣ ਕਾਰਨ ਇਨਕਾਰ ਕਰ ਦਿੱਤਾ। ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਉਹ ਗੇਟ ਆਪਣੇ ਪੱਧਰ ‘ਤੇ ਆਪਣੇ ਦੋਸਤ ਮਿੱਤਰਾਂ ਤੋਂ ਇਕੱਤਰ ਰਾਸ਼ੀ ਕਰ ਕੇ ਨੇਪਰੇ ਚਾੜ੍ਹੇਗਾ।
ਸ਼ਹਿਣਾ ਦਾ ਬਲਵੰਤ ਗਾਰਗੀ ਯਾਦਗਾਰੀ ਅਧੂਰਾ ਪਿਆ ਗੇਟ ਬਣਿਆ ਚਰਚਾ ਦਾ ਵਿਸ਼ਾ
ਅਜੀਤ ਡੈਸਕ
18-06-2026