ਸ਼ਹਿਣਾ, 17 ਜੂਨ (ਸੁਰੇਸ਼ ਗੋਗੀ)-ਬੀਤੀ ਰਾਤ ਸ਼ਹਿਣਾ ਖੇਤਰ ਦੇ ਪਿੰਡ ਬੁਰਜ ਫ਼ਤਿਹਗੜ੍ਹ ਅਤੇ ਭਗਤਪੁਰਾ ਮੌੜ ਦੇ ਦੋ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦਰਸ਼ਨ ਸਿੰਘ, ਬਲਵੀਰ ਸਿੰਘ, ਅਮਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ, ਅਨਮੋਲਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬੁਰਜ ਫ਼ਤਿਹਗੜ੍ਹ ਆਦਿ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਚੋਰਾਂ ਵਲੋਂ ਕਿਸਾਨਾਂ ਦੇ ਮਹਿੰਗੇ ਭਾਅ ਦੀਆਂ ਕੇਵਲ ਤਾਰਾਂ ਚੋਰੀ ਕਰ ਕੇ ਕਿਸਾਨਾਂ ਦਾ ਕੰਮ ਕਾਰ ਠੱਪ ਕਰ ਦਿੱਤਾ ਹੈ। ਜਿਸ ਕਾਰਨ ਕੁੱਝ ਕਿਸਾਨਾਂ ਨੇ ਝੋਨੇ ਲਈ ਜ਼ਮੀਨ ਤਿਆਰ ਕਰਨ ਵਾਸਤੇ ਜਰਨੇਟਰ ਰਾਹੀਂ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਗਤਪੁਰਾ ਮੌੜ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਵੀ ਕੇਵਲ ਤਾਰਾਂ ਵੱਢੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਹੈ ਪ੍ਰਸ਼ਾਸਨ ਕੇਬਲ ਤਾਰਾਂ ਚੋਰਾਂ ਨੂੰ ਨੱਥ ਪਾਵੇ, ਜੋ ਲਗਾਤਾਰ ਕਿਸਾਨਾਂ ਦੀਆਂ ਕੇਬਲ ਤਾਰਾਂ ਚੋਰੀ ਕਰ ਰਹੇ ਹਨ। ਘਟਨਾ ਸਥਾਨ ‘ਤੇ ਬੂਟਾ ਸਿੰਘ ਏ.ਐਸ.ਆਈ ਥਾਣਾ ਸ਼ਹਿਣਾ ਪਹੁੰਚੇ। ਉਨ੍ਹਾਂ ਜਾਇਜ਼ਾ ਲੈਂਦਿਆਂ ਕਿਹਾ ਕਿ ਚੋਰਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਸਰਗਰਮੀ ਨਾਲ ਲੱਗਿਆ ਹੋਇਆ ਹੈ।
ਬੁਰਜ ਫ਼ਤਿਹਗੜ੍ਹ ਅਤੇ ਭਗਤਪੁਰਾ ਮੌੜ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ
ਅਜੀਤ ਡੈਸਕ
18-06-2026