05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਨਗਰ ਕੌਂਸਲ ਸੁਨਾਮ ਦੇ ਮਨਪ੍ਰੀਤ ਬਾਂਸਲ ਬਣੇ ਪ੍ਰਧਾਨ

ਅਜੀਤ ਡੈਸਕ 24-06-2026

ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਸੱਗੂ, ਧਾਲੀਵਾਲ, ਭੁੱਲਰ) – ਨਗਰ ਕੌਂਸਲ ਸੁਨਾਮ ਦੇ ਦਫ਼ਤਰ ਵਿਖੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਦੇ ਅਹੁਦੇਦਾਰਾਂ ਕਰਵਾਈ ਗਈ ਚੋਣ ’ਚ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰ ਮਨਪ੍ਰੀਤ ਬਾਂਸਲ ਨੂੰ ਪ੍ਰਧਾਨ, ਯਾਦਵਿੰਦਰ ਸਿੰਘ ਨਿਰਮਾਣ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਨਾ ਰਾਣੀ ਪਤਨੀ ਭਾਨੂੰ ਪ੍ਰਤਾਪ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਲੋਕ ਸੇਵਾ ਅਤੇ ਵਿਕਾਸ ਲਈ ਸਮਰਪਿਤ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਦੇ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਜੋ ਭਰੋਸਾ ਜਤਾਇਆ ਹੈ, ਉਸ ਨੂੰ ਕਾਇਮ ਰੱਖਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਵੀਂ ਟੀਮ ਸਖ਼ਤ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਨਾਲ ਨਗਰ ਕੌਂਸਲ ਸੁਨਾਮ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਨੂੰ ਯਕੀਨੀ ਬਣਾਏਗੀ। ਸ੍ਰੀ ਅਰੋੜਾ ਨੇ ਕਿਹਾ, ਸੁਨਾਮ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਨਵੇਂ ਬਣੇ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਵੀ ਮੰਤਰੀ ਅਮਨ ਅਰੋੜਾ ਤੇ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ, “ਜੋ ਜ਼ਿੰਮੇਵਾਰੀ ਪਾਰਟੀ ਅਤੇ ਸ਼ਹਿਰ ਵਾਸੀਆਂ ਨੇ ਮੇਰੇ ਸਿਰ ਰੱਖੀ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਵਾਂਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਨੇ ਵੀ ਕਿਹਾ, “ਅਸੀਂ ਸਾਰੀ ਟੀਮ ਮਿਲ ਕੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਾਂਗੇ ਅਤੇ ਮੀਤ ਪ੍ਰਧਾਨ ਮੀਨਾ ਰਾਣੀ ਨੇ ਕਿਹਾ, “ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਅਤੇ ਸ਼ਹਿਰ ਦੀ ਬਿਹਤਰੀ ਲਈ ਨਗਰ ਕੌਂਸਲ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਐਸ ਡੀ ਐਮ ਗਗਨਦੀਪ ਸਿੰਘ, ਈਓ ਬਾਲ ਕ੍ਰਿਸ਼ਨ ਅਤੇ ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ ਵੀ ਹਾਜ਼ਰ ਸਨ । ਇਸ ਮੌਕੇ ਕੁਲਵੀਰ ਸਿੰਘ ਭੰਗੂ, ਸ੍ਰੀਮਤੀ ਆਸਾ ਬਾਜਾਜ, ਰੁਪਿੰਦਰ ਸਿੰਘ ਰਿੰਪੀ, ਸੰਨੀ ਕਾਂਸਲ, ਗੁਰਤੇਗ ਸਿੰਘ ਨਿੱਕਾ, ਮਨਿੰਦਰ ਸਿੰਘ ਲਖਮੀਰਵਾਲਾ, ਸਾਹਿਬ ਸਿੰਘ, ਚਮਕੌਰ ਸਿੰਘ ਹਾਂਡਾ, ਸੰਨੀ ਖਟਕ ਅਤੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਅਤੇ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਭਗਵੰਤ ਮਾਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ-ਤਰੁਣ ਚੁੱਘ ਅਗਲੀ ਖ਼ਬਰ ਭਗਵੰਤ ਮਾਨ ਕਰ ਰਿਹਾ ਆਪਣੇ ਅਹੁਦੇ ਦੀ ਦੁਰਵਰਤੋਂ-ਸੁਖਬੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।