03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪੈਸੇ ਦੇ ਜ਼ੋਰ ’ਤੇ ਪੰਜਾਬ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਦੀ ਸਾਜਿਸ਼ ਹੋਈ ਬੇਨਕਾਬ-ਸਰਜੀਵਨ ਜਿੰਦਲ

ਅਜੀਤ ਡੈਸਕ 27-06-2026


ਸੰਗਰੂਰ, 26 ਜੂਨ (ਦਮਨਜੀਤ ਸਿੰਘ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਹੈ ਕਿ ਹਰਿਆਣਾ ਦੇ ਗੁੜਗਾਓ ਵਿੱਚ ਦਰਜ ਹੋਈ ਐਫ.ਆਈ.ਆਰ. ਨੇ ਪੰਜਾਬ ਸਰਕਾਰ ਅਤੇ ਉਸ ਦੇ ਨੁਮਾਇੰਦਿਆਂ ਵੱਲੋਂ ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਕੀਤੇ ਗਏ ਦਾਵਿਆਂ ਦੀ ਸੱਚਾਈ ਨੂੰ ਬੇਨਕਾਬ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਲਈ ਕਥਿਤ ਤੌਰ ’ਤੇ ਪੈਸੇ ਦੇ ਜ਼ੋਰ ਨਾਲ ਪੁਲਿਸ ਦੇ ਕੁਝ ਅਧਿਕਾਰੀਆਂ ਰਾਹੀਂ ਜਾਅਲੀ ਅਤੇ ਮਨਘੜਤ ਰਿਪੋਰਟਾਂ ਤਿਆਰ ਕਰਵਾਉਣਾ ਇੱਕ ਬੱਜਰ ਗੁਨਾਹ ਹੈ। ਹੁਣ ਸਾਹਮਣੇ ਆਏ ਘਟਨਾਕ੍ਰਮ ਨੇ ਸਮੂਹ ਸਿੱਖ ਸੰਗਤ ਦੇ ਮਨਾਂ ’ਤੇ ਡੂੰਘਾ ਅਸਰ ਛੱਡਿਆ ਹੈ ਅਤੇ ਪੰਥਕ ਰੋਸ ਨੂੰ ਹੋਰ ਵਧਾ ਦਿੱਤਾ ਹੈ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਤਖ਼ਤ ਹੈ। ਇੱਥੋਂ ਜਾਰੀ ਕੀਤੇ ਹੁਕਮਨਾਮੇ ਅਤੇ ਸਿੰਘ ਸਾਹਿਬਾਨਾਂ ਦੇ ਆਦੇਸ਼ ਸਮੂਹ ਸਿੱਖ ਕੌਮ ਲਈ ਸਤਿਕਾਰਯੋਗ ਅਤੇ ਸਰਵਉੱਚ ਹਨ। ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਅਹੁਦੇ ’ਤੇ ਕਿਉਂ ਨਾ ਬੈਠਾ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਉੱਪਰ ਨਹੀਂ ਹੋ ਸਕਦਾ। ਭਗਵੰਤ ਮਾਨ ਵੱਲੋਂ ਸਿੰਘ ਸਾਹਿਬਾਨਾਂ ਦੇ ਹੁਕਮਾਂ ਦੀ ਅਣਦੇਖੀ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਟਕਰਾਅ ਦਾ ਰਾਹ ਅਪਣਾਉਣਾ ਸਿਰਫ਼ ਰਾਜਨੀਤਿਕ ਅਹੰਕਾਰ ਹੀ ਨਹੀਂ ਸਗੋਂ ਪੰਥਕ ਮਰਿਆਦਾ ਅਤੇ ਸਿੱਖ ਭਾਵਨਾਵਾਂ ਪ੍ਰਤੀ ਗੰਭੀਰ ਅਣਗਹਿਲੀ ਵੀ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਅਹੰਕਾਰ ਵੱਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਜਾਂ ਮੱਥਾ ਲਾਇਆ, ਉਹ ਨਾ ਤਾਂ ਪੰਥ ਵਿੱਚ ਸਤਿਕਾਰ ਹਾਸਲ ਕਰ ਸਕੇ ਅਤੇ ਨਾ ਹੀ ਇਤਿਹਾਸ ਵਿੱਚ ਸਨਮਾਨ। ਸੱਤਾ ਦਾ ਨਸ਼ਾ ਅਸਥਾਈ ਹੁੰਦਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਦੀਵੀ ਹੈ। ਜਿੰਦਲ ਨੇ ਕਿਹਾ ਕਿ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਚੱਲਦਿਆਂ ਪੰਥਕ ਅਨੁਸ਼ਾਸਨ ਨੂੰ ਕਾਇਮ ਰੱਖੇ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਮੂੰਹ ਨਾ ਲਾਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਇਤਿਹਾਸ ਤੋਂ ਸਬਕ ਲੈਣ, ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦਿਆਂ ਤੁਰੰਤ ਅਸਤੀਫਾ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅੱਗੇ ਸਿਰ ਨਿਵਾਉਣ। ਸਿੱਖ ਕੌਮ ਵਿੱਚ ਮਾਣ-ਸਤਿਕਾਰ ਸੱਤਾ ਨਾਲ ਨਹੀਂ, ਸਗੋਂ ਗੁਰੂ ਘਰ ਦੀ ਮਰਿਆਦਾ ਦੀ ਪਾਲਣਾ ਨਾਲ ਮਿਲਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਜਿਲਾ ਜਨਰਲ ਸਕੱਤਰ ਪ੍ਰਦੀਪ ਗਰਗ, ਸੀਨੀਅਰ ਆਗੂ ਜਤਿੰਦਰ ਕਾਲੜਾ, ਅਮਨਦੀਪ ਸਿੰਘ ਪੁਨੀਆ, ਸੁਨੀਲ ਗੋਇਲ ਡਿੰਪਲ, ਰਣਦੀਪ ਦਿਓਲ, ਮੰਡਲ ਪ੍ਰਧਾਨ ਰੋਮੀ ਗੋਇਲ ,ਗੁਰਤੇਜ ਸਿੰਘ ਝਨੇੜੀ ,ਰਾਮ ਸਿੰਘ ਮਟਰਾ ਅਤੇ ਜਗਸੀਰ ਸਿੰਘ ਮੰਡਲ ਪ੍ਰਧਾਨ ਆਦਿ ਵੀ ਮੌਜੂਦ ਸਨ ।

ਪਿਛਲੀ ਖ਼ਬਰ ਸਰਪੰਚਾਂ ਦਾ ਮਾਣਭੱਤਾ ਦਸ ਹਜ਼ਾਰ ਕਰਨ ਦਾ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ- ਪ੍ਰਧਾਨ ਨਾਰੀਕੇ ਅਗਲੀ ਖ਼ਬਰ ਕਰਮ ਲਹਿਲ ਵਲੋਂ ਕਾਨੂੰਨ ਮੰਤਰੀ ਅਰੁਜਨ ਸਿੰਘ ਮੇਘਵਾਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।