02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੈਪਸੀਕੋ ਦੇ ਕੰਟਰੈਕਟ ਕਾਮਿਆਂ ਨੇ ਤਨਖਾਹ ਵਾਧੇ ਲਈ ਲਾਮਬੰਦੀ ਕੀਤੀ ਤੇਜ਼

ਅਜੀਤ ਡੈਸਕ 30-07-2026

ਭਵਾਨੀਗੜ੍ਹ, 29 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਪੈਪਸੀਕੋ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਾਲਾਝਾੜ ਟੋਲ ਪਲਾਜ਼ਾ ਵਿਖੇ ਵਿਸ਼ਾਲ ਇਕੱਤਰਤਾ ਕਰਕੇ ਕੰਪਨੀ ਪ੍ਰਬੰਧਕਾਂ ਅਤੇ ਠੇਕੇਦਾਰਾਂ ਨਾਲ ਚੱਲ ਰਹੀ ਗੱਲਬਾਤ ਦੌਰਾਨ ਲੰਬੇ ਸਮੇਂ ਤੋਂ ਲਟਕ ਰਹੀਆਂ ਮੁੱਖ ਮੰਗਾਂ ਨੂੰ ਜਲਦ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਤਨਖਾਹਾਂ ਵਿੱਚ ਵਾਧਾ, ਅਨਸਕਿਲਡ ਦੀ ਥਾਂ ਸੈਮੀ ਸਕਿਲਡ ਅਤੇ ਸਕਿਲਡ ਸਕੇਲ ਮੁਤਾਬਕ ਤਨਖਾਹਾਂ ਅਤੇ ਕਾਨੂੰਨੀ ਲਾਭ ਦੇਣ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ । ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਾਲਦ ਕਲਾਂ ਅਤੇ ਸਕੱਤਰ ਪ੍ਰਦੀਪ ਨੇ ਦੱਸਿਆ ਕਿ ਕੰਪਨੀ ਪ੍ਰਬੰਧਕਾਂ ਅਤੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਅਤੇ ਕਾਮਿਆਂ ਦੀਆਂ ਹੱਕੀ ਮੰਗਾਂ ਲਈ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੇ ਸਿੱਟੇ ਵਜੋਂ ਬੂਟ-ਵਰਦੀ, ਕੈਂਟੀਨ ਸਹੂਲਤ, 26 ਦਿਨ ਰੁਜ਼ਗਾਰ ਦੀ ਗਾਰੰਟੀ, ਸਰਵਿਸ ਵਿੱਚ ਨਾਜਾਇਜ਼ ਬ੍ਰੇਕ ਸਿਸਟਮ ਖਤਮ ਕਰਵਾਉਣ ਅਤੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਵਰਗੀਆਂ ਮੰਗਾਂ ਮਨਵਾਈਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਅਜੇ ਵੀ ਮੁੱਖ ਮੰਗਾਂ ਬਕਾਇਆ ਹਨ, ਜਿਨ੍ਹਾਂ ਵਿੱਚ ਗੁਜ਼ਾਰੇਯੋਗ ਅਤੇ ਸਨਮਾਨਜਨਕ ਤਨਖਾਹਾਂ, ਤਜਰਬੇਕਾਰ ਕਾਮਿਆਂ ਨੂੰ ਅਨਸਕਿਲਡ ਦੀ ਥਾਂ ਸੈਮੀ ਸਕਿਲਡ, ਸਕਿਲਡ ਅਤੇ ਹਾਈ ਸਕਿਲਡ ਸ਼੍ਰੇਣੀਆਂ ਅਨੁਸਾਰ ਤਨਖਾਹਾਂ ਅਤੇ ਕਾਨੂੰਨੀ ਲਾਭ ਦੇਣਾ, ਡਿਊਟੀ ’ਤੇ ਆਉਣ-ਜਾਣ ਲਈ ਰੈਗੂਲਰ ਮੁਲਾਜ਼ਮਾਂ ਵਾਂਗ ਟਰਾਂਸਪੋਰਟ ਜਾਂ ਮੋਟਰਸਾਈਕਲ ਦਾ ਤੇਲ ਖਰਚਾ ਦੇਣਾ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਬੰਧਕ ਜਾਣਬੁੱਝ ਕੇ ਇਨ੍ਹਾਂ ਮੰਗਾਂ ਨੂੰ ਲਟਕਾ ਰਹੇ ਹਨ, ਜਿਸ ਕਾਰਨ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਭਾਰੀ ਰੋਸ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਪ੍ਰਬੰਧਕਾਂ ਨੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ 11 ਮੈਂਬਰੀ ਆਗੂ ਟੀਮ ਨੂੰ ਨੌਕਰੀ ਤੋਂ ਕੱਢਣ ਅਤੇ ਕਾਮਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਮਿਆਂ ਦੀ ਏਕਤਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਇਹ ਯਤਨ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲਟਕਦੀਆਂ ਮੰਗਾਂ ਦੇ ਜਲਦੀ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਦੀ ਪੂਰਤੀ ਲਈ ਕਾਮੇ ਲਗਾਤਾਰ ਲਾਮਬੰਦੀ ਮੁਹਿੰਮ ਚਲਾ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਜੈਬ ਸਿੰਘ ਲੱਖੇਵਾਲ, ਬਲਵਿੰਦਰ ਸਿੰਘ ਘਟੌੜਾ ਜੱਟਾਂ, ਜਸਵੀਰ ਸਿੰਘ ਗੱਗੜਪੁਰ, ਕਸ਼ਮੀਰ ਸਿੰਘ ਆਲੋਅਰਖ, ਗੁਰਤੇਜ ਸਿੰਘ ਭੱਟੀਵਾਲ ਕਲਾਂ, ਕਰਮਚੰਦ ਪੰਨਵਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਅਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਇਨ੍ਹਾਂ ਦੇ ਸੰਘਰਸ਼ ਨੂੰ ਹਿਮਾਇਤ ਦਿੰਦਿਆਂ 30 ਜੁਲਾਈ ਨੂੰ ਸਫ਼ਾਈ ਸੇਵਕਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਵੀ ਕੀਤਾ ਗਿਆ।

ਪਿਛਲੀ ਖ਼ਬਰ ਸੱਤਾ ਵਿਚ ਰਹਿੰਦਿਆਂ ਗ਼ੈਰ ਜ਼ਿੰਮੇਵਾਰਾਨਾ ਵਿਵਹਾਰ, ਸੰਬੰਧਿਤ ਲੋਕਾਂ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। -ਬਰਾਊਨ ਅਗਲੀ ਖ਼ਬਰ ਮਿਸ਼ਨ ਆਰੰਭ ਤਹਿਤ ਬਲਾਕ ਸ਼ੇਰਪੁਰ ਵਿਚ ਨਿੱਕੇ ਕਦਮ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।