ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ, ‘ਨਸ਼ਾ-ਮੁਕਤ ਸਮਾਜ’ ਦੀ ਸਿਰਜਣਾ ਵੱਲ ਇਕ ਅਹਿਮ ਕਦਮ
ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ) - ਨਸ਼ਾ ਸਿਰਫ਼ ਇਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਨਹੀਂ ਨਿਗਲਦਾ, ਸਗੋਂ ਇਸ ਦੀਆਂ ਲਪਟਾਂ ਪਰਿਵਾਰ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀਆਂ ਹਨ। ਇਸੇ ਗੰਭੀਰ ਸਮਾਜਿਕ ਚੁਣੌਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਨਸ਼ਾ-ਮੁਕਤ ਅਭਿਆਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪ੍ਰਿੰਸੀਪਲ ਡਾ.
ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ) - ਨਸ਼ਾ ਸਿਰਫ਼ ਇਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਨਹੀਂ ਨਿਗਲਦਾ, ਸਗੋਂ ਇਸ ਦੀਆਂ ਲਪਟਾਂ ਪਰਿਵਾਰ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀਆਂ ਹਨ। ਇਸੇ ਗੰਭੀਰ ਸਮਾਜਿਕ ਚੁਣੌਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਨਸ਼ਾ-ਮੁਕਤ ਅਭਿਆਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਪ੍ਰਿੰਸੀਪਲ ਡਾ. ਇਰਫਾਨ ਫਾਰੂਕੀ ਦੀ ਅਗਵਾਈ ਹੇਠ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਮਲੇਰਕੋਟਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ, ਪੋਸਟਰ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਇਰਫਾਨ ਫ਼ਾਰੂਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮਨੁੱਖ ਦੀ ਸਰੀਰਕ ਤੇ ਮਾਨਸਿਕ ਸਿਹਤ ਦੇ ਨਾਲ-ਨਾਲ ਪੜ੍ਹਾਈ, ਰੋਜ਼ਗਾਰ ਅਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ-ਮੁਕਤ ਸਮਾਜ ਲਈ ਜਾਗਰੂਕਤਾ, ਸਿੱਖਿਆ ਅਤੇ ਪਰਿਵਾਰਕ ਸਹਿਯੋਗ ਬੇਹੱਦ ਜ਼ਰੂਰੀ ਹੈ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਮੈਡਮ ਕਰਮਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਮਨੁੱਖ ਦੀ ਜ਼ਿੰਦਗੀ ਵਿਚ ਹਨੇਰਾ ਪੈਦਾ ਕਰਦਾ ਹੈ ਅਤੇ ਨੌਜਵਾਨਾਂ ਦੀਆਂ ਸੰਭਾਵਨਾਵਾਂ ਨੂੰ ਸੀਮਤ ਕਰ ਦਿੰਦਾ ਹੈ। ਪ੍ਰੋਗਰਾਮ ਦੇ ਨੋਡਲ ਅਫ਼ਸਰ ਪ੍ਰੋ. ਜਗਸ਼ੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਨਸ਼ੇ ਨੂੰ ਰੋਕਣ ਦੀ ਲੜਾਈ ਨਹੀਂ, ਸਗੋਂ ਨੌਜਵਾਨੀ ਦੇ ਸੁਪਨਿਆਂ, ਪਰਿਵਾਰਾਂ ਦੀ ਖੁਸ਼ਹਾਲੀ ਅਤੇ ਸਮਾਜ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ। ਇਸ ਮੌਕੇ ਭਾਸ਼ਣ ਪ੍ਰਤੀਯੋਗਤਾ ’ਚ ਨਾਇਲਾ ਨੇ ਪਹਿਲਾ, ਜੋਇਆ ਨੇ ਦੂਜਾ ਅਤੇ ਗੁਰਸ਼ਿਫ਼ਤ ਨੇ ਤੀਜਾ ਸਥਾਨ ਹਾਸਿਲ ਕੀਤਾ। ਪੇਂਟਿੰਗ-ਪੋਸਟਰ ਮੇਕਿੰਗ ਪ੍ਰਤੀਯੋਗਤਾ ਵਿਚ ਪੁਸ਼ਪਿੰਦਰ ਨੇ ਪਹਿਲਾ, ਰਾਦੀਆ ਨੇ ਦੂਜਾ ਅਤੇ ਐਮਨ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣੀ ਕਲਾ ਦਾ ਸੁੰਦਰ ਪ੍ਰਗਟਾਵਾ ਕੀਤਾ। ਇਨ੍ਹਾਂ ਮੁਕਾਬਲਿਆਂ ਰਾਹੀਂ ਸ਼ਬਦਾਂ ਨੇ ਚੇਤਨਾ ਜਗਾਈ ਅਤੇ ਰੰਗਾਂ ਨੇ ਨਸ਼ਾ-ਮੁਕਤ ਭਵਿੱਖ ਦੀ ਤਸਵੀਰ ਉਕੇਰੀ।