ਡੀ.ਸੀ. ਵਲੋਂ ਵੱਖ-ਵੱਖ ਵਿਭਾਗਾਂ ਨੂੰ ਸਮਾਂਬੱਧ ਕਾਰਵਾਈ ਦੇ ਨਿਰਦੇਸ਼
ਟਰੈਫਿਕ ਤੋਂ ਸਫ਼ਾਈ ਤੱਕ ਹਰ ਮੁੱਦੇ ’ਤੇ ਹੋਵੇਗੀ ਸਖ਼ਤ ਕਾਰਵਾਈ
ਮਾਲੇਰਕੋਟਲਾ, 18 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਅੰਦਰ ਵਪਾਰਕ ਗਤੀਵਿਧੀਆਂ ਲਈ ਸੁਚਾਰੂ ਤੇ ਸੁਵਿਧਾਜਨਕ ਮਾਹੌਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ।
ਮ
ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਤੇ ਨੁਮਾਇੰਦੇ। ਤਸਵੀਰ – ਸਰੌਦ
ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਮਨਾਏ ਗਏ ਤੀਆਂ ਦੇ ਤਿਉਹਾਰ ਦੀਆਂ ਝਲਕੀਆਂ। ਤਸਵੀਰ : ਮੁਹੰਮਦ ਹਨੀਫ਼ ਥਿੰਦ
19-08-2026
ਮਾਲੇਰਕੋਟਲਾ, 18 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਅੰਦਰ ਵਪਾਰਕ ਗਤੀਵਿਧੀਆਂ ਲਈ ਸੁਚਾਰੂ ਤੇ ਸੁਵਿਧਾਜਨਕ ਮਾਹੌਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਵੱਲੋਂ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ, ਟਰੈਫਿਕ ਪ੍ਰਬੰਧ, ਸਫ਼ਾਈ, ਬਿਜਲੀ, ਗੈਰ-ਕਾਨੂੰਨੀ ਕਬਜ਼ਿਆਂ ਤੇ ਹੋਰ ਵਪਾਰਕ ਸਮੱਸਿਆਵਾਂ ਸਬੰਧੀ ਮੁੱਦੇ ਵਿਸਥਾਰ ਨਾਲ ਰੱਖੇ ਗਏ । ਡਿਪਟੀ ਕਮਿਸ਼ਨਰ ਨੇ ਵਪਾਰੀਆਂ ਵੱਲੋਂ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ, ਪ੍ਰਭਾਵਸ਼ਾਲੀ ਤੇ ਸਮਾਂਬੱਧ ਢੰਗ ਨਾਲ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਵਪਾਰੀਆਂ ਤੇ ਆਮ ਲੋਕਾਂ ਨੂੰ ਦਰਪੇਸ਼ ਜਾਇਜ਼ ਸਮੱਸਿਆਵਾਂ ਦੇ ਹੱਲ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਵਿੱਚ ਸੁਧਾਰ, ਜਨਤਕ ਵਾਸ਼ਰੂਮਾਂ ਦੀ ਸਫ਼ਾਈ ਅਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ, ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਨਿਪਟਾਰੇ ਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਦਿੱਤੀ । ਇਸੇ ਤਰ੍ਹਾਂ ਬਿਜਲੀ ਵਿਭਾਗ ਨੂੰ ਸ਼ਹਿਰ ਵਿੱਚ ਲਟਕਦੀਆਂ ਤਾਰਾਂ ਦੀ ਸੁਚੱਜੀ ਵਿਵਸਥਾ, ਬਿਜਲੀ ਦੀ ਉਚਿਤ ਵੋਲਟੇਜ ਸਪਲਾਈ ਤੇ ਸਟ੍ਰੀਟ ਲਾਈਟਾਂ ਨੂੰ ਨਿਰੰਤਰ ਚਾਲੂ ਰੱਖਣ ਲਈ ਕਿਹਾ ਗਿਆ, ਤਾਂ ਜੋ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ । ਟਰੈਫਿਕ ਪੁਲਿਸ ਨੂੰ ਸ਼ਹਿਰ ਵਿੱਚ ਟਰੈਫਿਕ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਲੋੜ ਅਨੁਸਾਰ ਵਨ-ਵੇ ਪ੍ਰਣਾਲੀ ਲਾਗੂ ਕਰਨ, ਨਾਜਾਇਜ਼ ਪਾਰਕਿੰਗ ’ਤੇ ਸਖ਼ਤੀ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਗਏ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਵਪਾਰੀਆਂ ਦੀ ਸਹੂਲਤ ਤੇ ਵਪਾਰਕ ਮਾਹੌਲ ਵਿੱਚ ਸੁਧਾਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ । ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਪਾਰ ਮੰਡਲ ਵੱਲੋਂ ਉਠਾਏ ਗਏ ਮਾਮਲਿਆਂ ’ਤੇ ਕੀਤੀ ਜਾਣ ਵਾਲੀ ਕਾਰਵਾਈ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ ਤੇ ਵਪਾਰੀਆਂ ਨੂੰ ਕਾਰਵਾਈ ਦੀ ਪ੍ਰਗਤੀ ਬਾਰੇ ਵੀ ਜਾਣੂ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਵਪਾਰਕ ਵਰਗ ਵਿਚਕਾਰ ਨਿਰੰਤਰ ਸੰਵਾਦ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਦਾ ਵਿਹਾਰਕ ਹੱਲ ਸੰਭਵ ਹੈ । ਵਪਾਰੀਆਂ ਦੀਆਂ ਜਾਇਜ਼ ਮੰਗਾਂ ਤੇ ਸੁਝਾਵਾਂ ਨੂੰ ਵਿਕਾਸ ਕਾਰਜਾਂ ਨਾਲ ਜੋੜਦਿਆਂ ਸ਼ਹਿਰ ਨੂੰ ਹੋਰ ਸੁੰਦਰ, ਸਾਫ਼-ਸੁਥਰਾ ਅਤੇ ਵਪਾਰ-ਅਨੁਕੂਲ ਬਣਾਉਣ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਣਗੇ । ਇਸ ਮੌਕੇ ਪੰਜਾਬ ਟਰੇਡਰਜ਼ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਆਜਮ ਦਾਰਾ, ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਚੇਅਰਮੈਨ ਇਮਤਿਆਜ਼ ਅਲੀ, ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਚੇਅਰਮੈਨ ਅਸ਼ਵਨੀ ਕੁਮਾਰ ਵਪਾਰ ਮੰਡਲ, ਸਹਾਇਕ ਕਮਿਸ਼ਨਰ ਮਨਦੀਪ ਕੌਰ, ਡੀ.ਐਸ.ਪੀ. ਮਾਲੇਰਕੋਟਲਾ ਮਾਨਵਜੀਤ ਸਿੰਘ, ਡੀ.ਐਸ.ਪੀ. (ਐਨ.ਡੀ.ਪੀ.ਐਸ.) ਯਾਦਵਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ/ਅਮਰਗੜ੍ਹ ਆਸ਼ੀਸ਼ ਕੁਮਾਰ, ਏ.ਐਮ.ਈ. ਇੰਜ. ਨਰਿੰਦਰ ਕੁਮਾਰ, ਵਣ ਰੇਂਜ ਅਫ਼ਸਰ ਦਵਿੰਦਰ ਸਿੰਘ ਤੋਂ ਇਲਾਵਾ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।