03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਿੰਡ ਸਰਬਰਪੁਰ-ਭੈਣੀ ਕੰਬੋਆਂ ਸੜਕ ਤੇ’ ਹੱਡਾਰੋੜੀ ਲੋਕਾਂ ਲਈ ਬਣੀ ਵੱਡੀ ਸਿਰਦਰਦੀ ਸੜਕ ਕਿਨਾਰੇ ਸੁੱਟੇ ਮੁਰਦਾ ਪਸ਼ੂਆਂ ਦਾ ਮਾਸ ਨੋਚਦੇ ਖੁੰਖਾਰ ਕੁੱਤਿਆਂ ਦੀ ਕਿਸਾਨਾਂ ’ਚ ਦਹਿਸ਼ਤ

ਮਲੇਰਕੋਟਲਾ, 2 ਸਤੰਬਰ (ਮੁਹੰਮਦ ਹਨੀਫ ਥਿੰਦ)- ਪਿੰਡ ਸਰਬਰਪੁਰ ਤੋਂ ਭੈਣੀ ਕੰਬੋਆਂ ਸੜਕ ’ਤੇ ਸਥਿਤ ਹੱਡਾਰੋੜੀ ਇਸ ਵੇਲੇ ਇਲਾਕਾ ਨਿਵਾਸੀਆਂ, ਰਾਹਗੀਰਾਂ ਅਤੇ ਕਿਸਾਨਾਂ ਲਈ ਗੰਭੀਰ ਮੁਸੀਬਤ ਦਾ ਕਾਰਨ ਬਣੀ ਹੋਈ ਹੈ । ਨਿਰਧਾਰਤ ਥਾਂ ਦੀ ਬਜਾਏ ਲੋਕਾਂ ਵਲੋਂ ਮਰੀਆਂ ਹੋਈਆਂ ਗਾਵਾਂ ਅਤੇ ਮੱਝਾਂ ਨੂੰ ਸ਼ਰੇਆਮ ਮੁੱਖ ਸੜਕ ਦੇ ਕਿਨਾਰੇ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਪੂਰੇ ਖੇਤਰ ਵਿਚ ਬਦਬੂ ਫੈਲ ਚੁੱਕੀ ਹੈ ਅਤੇ ਇਲਾਕੇ ਵਿਚ ਕੋਈ ਭਿਆਨਕ ਮਹਾਂਮਾਰੀ ਜਾਂ ਬਿਮਾਰੀ ਫੈਲਣ ਦਾ ਗੰਭੀਰ ਖ਼ਦਸ਼ਾ ਪੈਦਾ ਹੋ ਗਿਆ ਹੈ।

ਅਜੀਤ ਡੈਸਕ 03-09-2026
ਮਲੇਰਕੋਟਲਾ, 2 ਸਤੰਬਰ (ਮੁਹੰਮਦ ਹਨੀਫ ਥਿੰਦ)- ਪਿੰਡ ਸਰਬਰਪੁਰ ਤੋਂ ਭੈਣੀ ਕੰਬੋਆਂ ਸੜਕ ’ਤੇ ਸਥਿਤ ਹੱਡਾਰੋੜੀ ਇਸ ਵੇਲੇ ਇਲਾਕਾ ਨਿਵਾਸੀਆਂ, ਰਾਹਗੀਰਾਂ ਅਤੇ ਕਿਸਾਨਾਂ ਲਈ ਗੰਭੀਰ ਮੁਸੀਬਤ ਦਾ ਕਾਰਨ ਬਣੀ ਹੋਈ ਹੈ । ਨਿਰਧਾਰਤ ਥਾਂ ਦੀ ਬਜਾਏ ਲੋਕਾਂ ਵਲੋਂ ਮਰੀਆਂ ਹੋਈਆਂ ਗਾਵਾਂ ਅਤੇ ਮੱਝਾਂ ਨੂੰ ਸ਼ਰੇਆਮ ਮੁੱਖ ਸੜਕ ਦੇ ਕਿਨਾਰੇ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਪੂਰੇ ਖੇਤਰ ਵਿਚ ਬਦਬੂ ਫੈਲ ਚੁੱਕੀ ਹੈ ਅਤੇ ਇਲਾਕੇ ਵਿਚ ਕੋਈ ਭਿਆਨਕ ਮਹਾਂਮਾਰੀ ਜਾਂ ਬਿਮਾਰੀ ਫੈਲਣ ਦਾ ਗੰਭੀਰ ਖ਼ਦਸ਼ਾ ਪੈਦਾ ਹੋ ਗਿਆ ਹੈ। ਸੜਕ ਕਿਨਾਰੇ ਪਏ ਮੁਰਦਾ ਪਸ਼ੂਆਂ ਦਾ ਮਾਸ ਨੋਚਣ ਲਈ ਆਵਾਰਾ ਖੁੰਖਾਰ ਕੁੱਤਿਆਂ ਦਾ ਵੱਡਾ ਝੁੰਡ ਇਕੱਠਾ ਹੋ ਜਾਂਦਾ ਹੈ, ਜੋ ਅਕਸਰ ਰਾਹਗੀਰਾਂ ਅਤੇ ਕਿਸਾਨਾਂ ਤੇ ਹਮਲੇ ਕਰ ਦਿੰਦੇ ਹਨ। ਇਸ ਕਾਰਨ ਆਮ ਲੋਕਾਂ ਵਿਚ ਆਪਣੀ ਜਾਨ ਨੂੰ ਲੈ ਕੇ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਕੁੱਤੇ ਆਲੇ-ਦੁਆਲੇ ਦੇ ਖੇਤਾਂ ਵਿਚ ਵੜ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਹੱਡਾ ਰੋੜੀ ਦੇ ਬਿਲਕੁਲ ਕੋਲ ਸ਼ਮਸ਼ਾਨਘਾਟ ਸਥਿਤ ਹੈ। ਜਦੋਂ ਵੀ ਕਿਸੇ ਪਰਿਵਾਰ ਨੂੰ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਇੱਥੇ ਆਉਣਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਜਿੱਥੇ ਨੱਕ ‘ਤੇ ਕੱਪੜਾ ਰੱਖ ਕੇ ਭਿਆਨਕ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਆਵਾਰਾ ਕੁੱਤਿਆਂ ਦੇ ਝੁੰਡ ਤੋਂ ਵੀ ਖ਼ੁਦ ਦਾ ਬਚਾਅ ਕਰਨਾ ਪੈਂਦਾ ਹੈ। ਨੰਬਰਦਾਰ ਗੁਰਚਰਨ ਸਿੰਘ ਸਮੇਤ ਪਿੰਡ ਸਰਬਰਪੁਰ ਅਤੇ ਭੈਣੀ ਕੰਬੋਆਂ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਕੋਲੋਂ ਹੱਡਾ ਰੋੜੀ ਨੂੰ ਹਟਾਇਆ ਜਾਵੇ ਜਾਂ ਇਸਦੇ ਚਾਰੇ ਪਾਸੇ ਤੁਰੰਤ ਪੱਕੀ ਚਾਰਦੀਵਾਰੀ ਕਰਵਾ ਕੇ ਦਰਵਾਜਾ ਲਾਇਆ ਜਾਵੇ ਅਤੇ ਸੜਕ ਕਿਨਾਰੇ ਮੁਰਦਾ ਪਸ਼ੂ ਸੁੱਟ ਕੇ ਗੰਦਗੀ ਫੈਲਾਉਣ ਵਾਲੇ ਗੈਰ-ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਧਰ ਜਦੋਂ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਡੀ) ਸ਼੍ਰੀਮਤੀ ਰਿੰਪੀ ਗਰਗ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਹੁਣੇ ਬੀ.ਡੀ.ਪੀ.ਓ. ਨਾਲ ਗੱਲ ਕਰਦੇ ਹਨ। ਇਸ ਮੌਕੇ ਬਸ਼ੀਰ ਮੁਹੰਮਦ, ਰਸ਼ੀਦ ਮੁਹੰਮਦ, ਬਾਬੂ ਖ਼ਾਂ, ਸ਼ੌਕਤ ਅਲੀ, ਮੁਹੰਮਦ ਅਸਲਮ, ਮੁਹੰਮਦ ਅਰਸ਼ਦ, ਮੁਹੰਮਦ ਅਖ਼ਤਰ, ਅਖ਼ਤਰ ਅਲੀ, ਸਰਾਜਦੀਨ, ਮੁਹੰਮਦ ਜਮੀਲ, ਮੁਹੰਮਦ ਇਮਰਾਨ, ਮੁਹੰਮਦ ਸ਼ਬੀਰ, ਗੁਰਚਰਨ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਮੋਤੀ ਸਿੰਘ ਅਤੇ ਨਾਜਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਐੱਸ.ਪੀ. ਗੁਰਮੀਤ ਸਿੰਘ ਦਾ ਤਬਾਦਲਾ ਹੋਣ ’ਤੇ ਜ਼ਿਲ੍ਹਾ ਪੁਲਿਸ ਵਲੋਂ ਨਿੱਘੀ ਵਿਦਾਇਗੀ ਅਗਲੀ ਖ਼ਬਰ ਰਿਪੋਰਟਾਂ ’ਚ ਫੈਕਟਰੀ ਵਲੋਂ ਪ੍ਰਦੂਸ਼ਣ ਫੈਲਾਉਣ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ - ਪ੍ਰਬੰਧਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।