ਮੀਂਹ ਨਾਲ ਖਨੌਰੀ ਦੀ ਅਨਾਜ ਮੰਡੀ ਬਣੀ ਝੀਲ, ਪਾਣੀ ’ਚ ਡੁੱਬੀਆਂ ਝੋਨੇ ਦੀਆਂ ਬੋਰੀਆਂ
ਖਨੌਰੀ, 11 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਸਵੇਰੇ ਪਏ ਭਾਰੀ ਮੀਂਹ ਕਾਰਨ ਖਨੌਰੀ ਦੀ ਅਨਾਜ ਮੰਡੀ ’ਚ ਪਾਣੀ ਭਰ ਗਿਆ, ਜਿਸ ਨਾਲ ਮੰਡੀ ਦੀਆਂ ਸੜਕਾਂ ਨੇ ਝੀਲ ਦਾ ਰੂਪ ਧਾਰ ਲਿਆ। ਮੰਡੀ ’ਚ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਆਵਾਜਾਈ ਅਤੇ ਹੋਰ ਕੰਮਕਾਜ ਪ੍ਰਭਾਵਿਤ ਹੋਣ ਦੀ ਸਥਿਤੀ ਬਣੀ, ਉੱਥੇ ਹੀ ਆੜ੍ਹਤੀਆਂ ਵਲੋਂ ਖਰੀਦਿਆ ਗਿਆ ਝੋਨਾ ਵੀ ਮੀਂਹ ਦੀ ਲਪੇਟ ਵਿੱਚ ਆ ਗਿਆ।
ਖਨੌਰੀ, 11 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਸਵੇਰੇ ਪਏ ਭਾਰੀ ਮੀਂਹ ਕਾਰਨ ਖਨੌਰੀ ਦੀ ਅਨਾਜ ਮੰਡੀ ’ਚ ਪਾਣੀ ਭਰ ਗਿਆ, ਜਿਸ ਨਾਲ ਮੰਡੀ ਦੀਆਂ ਸੜਕਾਂ ਨੇ ਝੀਲ ਦਾ ਰੂਪ ਧਾਰ ਲਿਆ। ਮੰਡੀ ’ਚ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਆਵਾਜਾਈ ਅਤੇ ਹੋਰ ਕੰਮਕਾਜ ਪ੍ਰਭਾਵਿਤ ਹੋਣ ਦੀ ਸਥਿਤੀ ਬਣੀ, ਉੱਥੇ ਹੀ ਆੜ੍ਹਤੀਆਂ ਵਲੋਂ ਖਰੀਦਿਆ ਗਿਆ ਝੋਨਾ ਵੀ ਮੀਂਹ ਦੀ ਲਪੇਟ ਵਿੱਚ ਆ ਗਿਆ। ਖੁੱਲ੍ਹੇ ਅਸਮਾਨ ਹੇਠ ਬੋਰੀਆਂ ਵਿੱਚ ਭਰ ਕੇ ਰੱਖਿਆ ਝੋਨਾ ਪਾਣੀ ਅਤੇ ਮੀਂਹ ਕਾਰਨ ਭਿੱਜ ਗਿਆ । ਫ਼ਸਲ ਦੇ ਭਿੱਜਣ ਨਾਲ ਫ਼ਸਲ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਬਣ ਗਿਆ ਹੈ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਨਾਜ ਮੰਡੀ ’ਚ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਹੁੰਦੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਜਲ ਨੇ ਕਿਹਾ ਕਿ ਪਹਿਲਾਂ ਵੀ ਆੜ੍ਹਤੀਆਂ ਵਲੋਂ ਮਤਾ ਪਾਇਆ ਗਿਆ ਸੀ ਕਿ ਮੌਸਮ ਖ਼ਰਾਬ ਹੋਣ ਦੀ ਸੂਰਤ ਵਿੱਚ ਫ਼ਸਲ ਦੀ ਸਾਂਭ-ਸੰਭਾਲ ਲਈ ਆਪਣੇ ਪੱਧਰ ’ਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ । ਉਨ੍ਹਾਂ ਕਿਹਾ ਕਿ ਬੋਰੀਆਂ ’ਚ ਭਰਿਆ ਖਰੀਦਿਆ ਹੋਇਆ ਝੋਨਾ ਮੀਂਹ ਵਿੱਚ ਭਿੱਜਣਾ ਆੜ੍ਹਤੀਆਂ ਦੀ ਗ਼ਲਤੀ ਹੈ ਅਤੇ ਉਨ੍ਹਾਂ ਨੂੰ ਮੌਸਮ ਦੇ ਮੱਦੇਨਜ਼ਰ ਪਹਿਲਾਂ ਹੀ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਸਨ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਗਿੱਲ ਬਨਾਰਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਚਾਨਕ ਮੀਂਹ ਪੈਣ ਕਾਰਨ ਮੰਡੀ ਵਿੱਚ ਪਿਆ ਖਰੀਦਿਆ ਹੋਇਆ ਝੋਨਾ ਭਿੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਮਜ਼ਦੂਰਾਂ ਦੀ ਮਦਦ ਨਾਲ ਮਾਲ ਨੂੰ ਪਾਣੀ ਵਿੱਚੋਂ ਕੱਢਿਆ ਜਾ ਰਿਹਾ ਹੈ ਅਤੇ ਝੋਨੇ ਨੂੰ ਹੋਰ ਮੀਂਹ ਤੋਂ ਬਚਾਉਣ ਲਈ ਢੱਕਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।