ਗਿੱਲ ਬਣੇ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ
ਮਸਤੂਆਣਾ ਸਾਹਿਬ, 3 ਨਵੰਬਰ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਸਾਬਕਾ ਵਿਦਿਆਰਥੀ ਅਤੇ ਅਕਾਲ ਕਾਲਜ ਕੌਂਸਲ ਦੇ ਮੈਂਬਰ ਸਿਆਸਤ ਸਿੰਘ ਗਿੱਲ ਨੂੰ ਕਾਲਜ ਦੀ ਅਲੂਮਨੀ ਐਸੋਸੀਏਸ਼ਨ (ਪੁਰਾਣੇ ਵਿਦਿਆਰਥੀ ਸੰਘ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ.
ਮਸਤੂਆਣਾ ਸਾਹਿਬ, 3 ਨਵੰਬਰ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਸਾਬਕਾ ਵਿਦਿਆਰਥੀ ਅਤੇ ਅਕਾਲ ਕਾਲਜ ਕੌਂਸਲ ਦੇ ਮੈਂਬਰ ਸਿਆਸਤ ਸਿੰਘ ਗਿੱਲ ਨੂੰ ਕਾਲਜ ਦੀ ਅਲੂਮਨੀ ਐਸੋਸੀਏਸ਼ਨ (ਪੁਰਾਣੇ ਵਿਦਿਆਰਥੀ ਸੰਘ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਵੱਲੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਸਿਆਸਤ ਸਿੰਘ ਗਿੱਲ ਨੇ ਸਾਲ 1989 ਵਿੱਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ ਸੀ। ਆਪਣੇ ਵਿਦਿਆਰਥੀ ਜੀਵਨ ਦੌਰਾਨ ਉਹ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਸਰਗਰਮ ਰਹੇ। ਉਨ੍ਹਾਂ ਦੀ ਅਗਵਾਈ ਹੇਠ ਕਾਲਜ ਦੀ ਭੰਗੜਾ ਟੀਮ ਨੇ ਸਾਲ 1987-88 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਖੇਤਰੀ ਯੁਵਕ ਮੇਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਸੀ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸ੍ਰੀ ਸਿਆਸਤ ਸਿੰਘ ਗਿੱਲ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਪਣੀ ਯੋਗ ਅਗਵਾਈ ਅਤੇ ਤਜਰਬੇ ਨਾਲ ਅਲੂਮਨੀ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਆਪਸੀ ਸਾਂਝ ਤੇ ਤਾਲਮੇਲ ਵਧਾਉਣ ਦੇ ਨਾਲ-ਨਾਲ ਕਾਲਜ ਦੀ ਤਰੱਕੀ ਅਤੇ ਬਿਹਤਰੀ ਲਈ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਹਿਯੋਗ ਜੁਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਵੀ ਨਵ-ਨਿਯੁਕਤ ਪ੍ਰਧਾਨ ਨੂੰ ਮੁਬਾਰਕਬਾਦ ਦਿੱਤੀ। ਆਪਣੇ ਵਿਚਾਰ ਸਾਂਝੇ ਕਰਦਿਆਂ ਸਿਆਸਤ ਸਿੰਘ ਗਿੱਲ ਨੇ ਕੌਂਸਲ ਅਤੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਐਸੋਸੀਏਸ਼ਨ ਦੀ ਮਜ਼ਬੂਤੀ ਅਤੇ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸੀਨੀਅਰ ਕੌਂਸਲ ਮੈਂਬਰ ਗਮਦੂਰ ਸਿੰਘ ਬਹਾਦਰਪੁਰ, ਮਨਜੀਤ ਸਿੰਘ ਬਾਲੀਆਂ, ਪ੍ਰਿਤਪਾਲ ਸਿੰਘ, ਅਲੂਮਨੀ ਐਸੋਸੀਏਸ਼ਨ ਦੇ ਸਕੱਤਰ ਡਾ. ਹਰਜਿੰਦਰ ਸਿੰਘ, ਖ਼ਜ਼ਾਨਚੀ ਡਾ. ਮਨਪ੍ਰੀਤ ਸਿੰਘ ਗਿੱਲ ਅਤੇ ਸਟਾਫ਼ ਸਕੱਤਰ ਡਾ. ਕਮਲਜੀਤ ਕੌਰ ਸਮੇਤ ਕੌਂਸਲ ਦੇ ਹੋਰ ਮੈਂਬਰ ਵੀ ਹਾਜ਼ਰ ਸਨ।