13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਫ਼ਾਜ਼ਿਲਕਾ 'ਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਪੁਲਿਸ ਤੇ ਬੀ. ਐੱਸ. ਐਫ. ਵਲੋਂ ਫਲੈਗ ਮਾਰਚ

ਅਜੀਤ ਡੈਸਕ 26-01-2026
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ | ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੇ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਐੱਸ. ਐੱਸ. ਪੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ 'ਚ ਪੰਜਾਬ ਪੁਲਿਸ ਤੇ ਬੀ. ਐੱਸ. ਐਫ. ਦੇ ਜਵਾਨਾਂ ਵਲੋਂ ਸਾਂਝੇ ਤੌਰ 'ਤੇ ਫਲੈਗ ਮਾਰਚ ਕੱਢਿਆ | ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲਿਸ ਵਲੋਂ ਲਗਭਗ 1500 ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ | ਸ਼ਹਿਰ ਦੀ ਸੁਰੱਖਿਆ 'ਚ ਪੰਜਾਬ ਪੁਲਿਸ ਦੇ ਨਾਲ-ਨਾਲ ਬੀ. ਐੱਸ. ਐਫ. ਦੀਆਂ ਟੁਕੜੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ | ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਹਰ ਆਉਣ-ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ | ਸੁਰੱਖਿਆ ਏਜੰਸੀਆਂ ਵਲੋਂ ਸ਼ਹਿਰ ਦੇ ਹੋਟਲਾਂ, ਸਰਵਜਨਕ ਥਾਵਾਂ ਤੇ ਧਰਮਸ਼ਾਲਾਵਾਂ 'ਚ ਠਹਿਰੇ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਆਮ ਜਨਤਾ ਦੀ ਸਹੂਲਤ ਲਈ ਪੁਲਿਸ ਨੇ ਟ੍ਰੈਫ਼ਿਕ ਵਿਵਸਥਾ ਵਿਚ ਵੀ ਵੱਡੇ ਬਦਲਾਅ ਕੀਤੇ ਹਨ | ਸ਼ਹਿਰ ਦੇ ਲਗਪਗ 8 ਪ੍ਰਮੁੱਖ ਰੂਟਾਂ ਨੂੰ ਡਾਇਵਰਟ ਕੀਤਾ ਗਿਆ ਹੈ | ਸਮਾਗਮ ਵਾਲੇ ਦਿਨ ਟ੍ਰੈਫ਼ਿਕ 'ਚ ਕੋਈ ਰੁਕਾਵਟ ਨਾ ਆਵੇ, ਇਸ ਲਈ ਵਿਸ਼ੇਸ਼ ਪਲਾਨ ਤਿਆਰ ਕੀਤਾ ਗਿਆ ਹੈ | ਸ਼ਹੀਦ ਭਗਤ ਸਿੰਘ ਸਟੇਡੀਅਮ ਵੱਲ ਜਾਣ ਵਾਲੇ ਰਸਤਿਆਂ 'ਤੇ ਸਖ਼ਤ ਨਾਕਾਬੰਦੀ ਕੀਤੀ ਗਈ ਹੈ | ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਪ੍ਰਬੰਧਾਂ ਵਿਚ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ |
ਪਿਛਲੀ ਖ਼ਬਰ ਜਿਸ ਘਰ ਅੰਦਰ ਔਰਤ ਰਹਿੰਦੀ ਹੈ, ਉਥੇ ਹੀ ਦੇਵਤੇ ਆਪਣਾ ਨਿਵਾਸ ਕਰਦੇ ਹਨ-ਰਾਜਪਾਲ ਕਟਾਰੀਆ ਅਗਲੀ ਖ਼ਬਰ ਦਿੱਲੀ ਪਬਲਿਕ ਸਕੂਲ ਅਬੋਹਰ 'ਚ ਪਹਿਲੀ ਵਾਰ ਅੰਡਰ 11 ਇੰਟਰ ਸਕੂਲ ਫੁੱਟਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।