ਮਮਦੋਟ, 13 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਪਿਛਲੇ ਤਿੰਨ ਚਾਰ ਸਾਲ ਤੋਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਇਲਾਕੇ ਦੀਆਂ ਸਾਰੀਆਂ ਹੀ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ | ਮਮਦੋਟ ਤੋਂ ਪਿੰਡ ਜੋਧਪੁਰ ਅਤੇ ਪਿੰਡ ਜੋਧਪੁਰ ਤੋਂ ਪਿੰਡ ਕਰੀ ਕਲਾਂ, ਪਿੰਡ ਅਲਫੂ ਕੇ ਤੋਂ ਪਿੰਡ ਮਸਲੀਆਂ, ਪਿੰਡ ਲੱਖੋ ਕੇ ਬਹਿਰਾਮ ਤਾੋ ਪਿੰਡ ਅਲੀ ਕੇ ਝੁੱਗੀਆਂ ਨੂੰ ਜਾਣ ਵਾਲੀਆਂ ਸੜਕਾਂ ਵਿਚ ਵੱਡੇ-ਵੱਡੇ ਟੋਏ ਪੈਣ ਕਾਰਨ ਹਾਲਤ ਇਹ ਬਣ ਚੁੱਕੀ ਹੈ ਕਿ ਹੁਣ ਸੜਕਾਂ ਵਿਚ ਟੋਏ ਨਹੀਂ ਬਲਕਿ ਟੋਇਆਂ ਵਿਚੋਂ ਸੜਕਾਂ ਲੱਭਣੀਆਂ ਪੈਂਦੀਆਂ ਹਨ | ਇਹੀ ਹਾਲਾਤ ਇਲਾਕੇ ਦੀਆਂ ਬਾਕੀ ਪੇਂਡੂ ਸੰਪਰਕ ਸੜਕਾਂ ਦੇ ਬਣੇ ਹੋਏ ਹਨ | ਟੁੱਟੀਆਂ ਸੜਕਾਂ ਤੋਂ ਧੀਮੀ ਰਫ਼ਤਾਰ ਵਿਚ ਲੰਘਣ ਤੇ ਜਿਥੇ ਸਮੇਂ ਦੀ ਬਰਬਾਦੀ ਹੋ ਰਹੀ ਹੈ, ਉਥੇ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ | ਬਾਰਸ਼ਾਂ ਦੇ ਦਿਨਾਂ ਦੌਰਾਨ ਟੋਇਆਂ 'ਚ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਦੀ ਖੱਜਲ ਖ਼ੁਆਰੀ ਹੋਰ ਵੀ ਵਧ ਜਾਂਦੀ ਹੈ | ਚਾਰ ਪਹੀਆ ਵਾਹਨਾਂ ਵਲੋਂ ਪਾਣੀ ਦੇ ਛਿੱਟੇ ਉਡਾਏ ਜਾਣ ਕਾਰਨ ਦੋ ਵਹੀਆਂ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਦੇ ਕੱਪੜੇ ਤੱਕ ਖ਼ਰਾਬ ਹੋ ਜਾਂਦੇ ਹਨ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਤਾੋ ਖਸਤਾ ਹਾਲਤ ਵਿਚ ਪਹੁੰਚ ਚੁੱਕੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ |