ਫ਼ਿਰੋਜ਼ਪੁਰ, 13 ਫਰਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਸੇਵਾਮੁਕਤ ਹੋਏ 29 ਰੇਲ ਕਰਮਚਾਰੀਆਂ ਨੂੰ ਲਗਭਗ 11.36 ਕਰੋੜ ਰੁਪਏ ਦੀ ਰਾਸ਼ੀ ਦੇ ਸਮਾਪਤੀ ਬਕਾਏ ਦਾ ਭੁਗਤਾਨ ਕੀਤਾ ਗਿਆ | ਇਹ ਭੁਗਤਾਨ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵਲੋਂ ਖ਼ੁਦ ਆਪਣੇ ਹੱਥੀਂ ਕੀਤਾ ਗਿਆ | ਦੱਸਣਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਸੇਵਾਮੁਕਤੀ 31 ਜਨਵਰੀ 2026 ਨੂੰ ਹੋਈ ਸੀ | ਨਿਯਮਾਂ ਅਨੁਸਾਰ, ਸੇਵਾਮੁਕਤੀ ਤੋਂ ਬਾਅਦ ਕਰਮਚਾਰੀਆਂ ਨੂੰ 6 ਤਰ੍ਹਾਂ ਦੇ ਵਿੱਤੀ ਲਾਭ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿਚ ਪੀ.ਪੀ.ਓ., ਗ੍ਰੈਚੂਇਟੀ, ਕਮਿਊਟੇਸ਼ਨ, ਲੀਵ ਇਨਕੈਸ਼ਮੈਂਟ, ਜੀ.ਆਈ.ਐੱਸ., ਪੀ.ਐੱਫ. ਸ਼ਾਮਲ ਹਨ | ਇਸ ਮੌਕੇ ਸੇਵਾਮੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡੀ.ਆਰ.ਐੱਮ. ਸੰਜੀਵ ਕੁਮਾਰ ਨੇ ਉਨ੍ਹਾਂ ਵਲੋਂ ਰੇਲਵੇ ਨੂੰ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਤੁਹਾਡਾ ਅਗਲਾ ਜੀਵਨ ਸਿਹਤਮੰਦ, ਖ਼ੁਸ਼ਹਾਲ ਅਤੇ ਖ਼ੁਸ਼ੀਆਂ ਭਰਿਆ ਹੋਵੇ | ਉਨ੍ਹਾਂ ਨੇ ਸੇਵਾਮੁਕਤ ਹੋਏ ਸਾਥੀਆਂ ਨੂੰ ਵਿਸ਼ੇਸ਼ ਸਲਾਹ ਦਿੱਤੀ ਕਿ ਉਹ ਆਪਣੀ ਮਿਹਨਤ ਦੀ ਕਮਾਈ (ਪੇਮੈਂਟ) ਦੀ ਵਰਤੋਂ ਬਹੁਤ ਸੋਚ-ਸਮਝ ਕੇ ਕਰਨ ਅਤੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਆਪਣੀ ਰੁਚੀ ਅਨੁਸਾਰ ਖ਼ੁਦ ਨੂੰ ਰੁਝੇਵਿਆਂ ਵਿਚ ਰੱਖਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਪਰਸਨਲ ਅਫ਼ਸਰ ਸਾਕਸ਼ੀ ਸਿੰਘ, ਸੀਨੀਅਰ ਮੰਡਲ ਇੰਜੀਨੀਅਰ ਤਾਲਮੇਲ ਸੁਮਿਤ ਖੁੱਲਰ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਅਤੇ ਹੋਰ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |