ਮੁੱਦਕੀ, 15 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਗੁਰਦੁਆਰਾ ਬਾਬਾ ਬਿਧੀ ਚੰਦ ਦੀ ਛਾਉਣੀ ਵਿਖੇ ਮੀਰੀ-ਪੀਰੀ ਦੇ ਮਾਲਿਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਦਭੁਤ ਸਿੱਖ, ਧੰਨ-ਧੰਨ ਬਾਬਾ ਬਿਧੀ ਚੰਦ ਦੀ ਪਵਿੱਤਰ ਯਾਦ ਵਿੱਚ ਤੇ ਉਨ੍ਹਾਂ ਦੇ 11ਵੇਂ ਜਾਨਸ਼ੀਨ ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 350ਵਾਂ ਮਹਾਨ ਗੁਰਮਤਿ ਸਮਾਗਮ ਮੁੱਦਕੀ ਵਿਖੇ ਐਨ. ਆਰ. ਆਈ. ਵੀਰਾਂ, ਸਮੂਹ ਨਗਰ ਨਿਵਾਸੀ ਤੇ ਨਗਰ ਪੰਚਾਇਤ ਦੇ ਸਹਿਯੋਗ ਸਦਕਾ ਕਰਵਾਇਆ, ਜਿਸ ਵਿਚ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਧਾਰਮਿਕ ਸਮਾਗਮ ਦੇ ਪਹਿਲੇ ਦਿਨ 12 ਫਰਵਰੀ 2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ 14 ਫਰਵਰੀ 2026 ਨੂੰ ਭੋਗ ਪਾਏ ਗਏ | ਤਿੰਨ ਦਿਨਾਂ ਮਹਾਨ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਹਾਜ਼ਰ ਸੰਗਤਾਂ ਨੂੰ ਆਪਣੇ ਪ੍ਰਚਰਨਾਂ ਰਾਹੀਂ ਗੁਰ ਇਤਿਹਾਸ ਸੁਣਾਇਆ | ਸਮਾਗਮ 'ਚ ਗੁਰੂ ਦੀਆਂ ਲਾਡਲੀਆਂ ਫੌਜਾ ਨੇ ਨੇਜ਼ਾਬਾਜ਼ੀ ਦੇ ਜੌਹਰ ਵੀ ਦਿਖਾਏ | ਅਖੀਰ ਗੁਰੂ ਕਾ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਬਾਬਾ ਜਥੇਦਾਰ ਜਰਨੈਲ ਸਿੰਘ, ਬਲਵੀਰ ਸਿੰਘ ਸੇਖੋਂ ਪਟਵਾਰੀ, ਬਾਬਾ ਜੋਰਾ ਸਿੰਘ, ਮੇਜਰ ਸਿੰਘ, ਕਿਰਪਾਲ ਸਿੰਘ ਫ਼ੌਜੀ, ਰਣਜੀਤ ਸਿੰਘ ਰਾਣਾ, ਲਖਵੀਰ ਸਿੰਘ ਬਿੱਲੂ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ ਆਦਿ ਹਾਜ਼ਰ ਸਨ |