ਮਹਾਸ਼ਿਵਰਾਤਰੀ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਧਰਮ-ਪਤਨੀ ਸਮੇਤ ਵੱਖ-ਵੱਖ ਮੰਦਰਾਂ ਵਿਚ ਹੋਏ ਨਤਮਸਤਕ
ਅਜੀਤ ਡੈਸਕ
16-02-2026
ਫ਼ਿਰੋਜ਼ਪੁਰ, 15 ਫਰਵਰੀ (ਰਾਕੇਸ਼ ਚਾਵਲਾ)-ਸ਼ਹਿਰ ਤੇ ਛਾਉਣੀ ਦੇ ਵੱਖ-ਵੱਖ ਮੰਦਰਾਂ ਵਿਚ ਭਗਵਾਨ ਸ਼ਿਵ ਦੇ ਸਨਮਾਨ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਦੇ ਦੌਰਾਨ ਮੰਦਰਾਂ ਵਿਚ ਸ਼ਿਵ ਭਗਵਾਨ ਦੀ ਪੂਜਾ ਕੀਤੀ ਗਈ | ਜਿਸ ਦੇ ਚੱਲਦੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਆਪਣੀ ਧਰਮ-ਪਤਨੀ ਡਾ. ਅਮਨਦੀਪ ਕੌਰ ਸਮੇਤ ਸ਼੍ਰੀ ਸ਼ਿਵਾਲਿਆਂ ਮੰਦਰ , ਰਾਧਾ ਕਿ੍ਸ਼ਨ ਮੰਦਿਰ ਅਤੇ ਸ਼ਹਿਰ ਛਾਉਣੀ ਦੇ ਵੱਖ ਵੱਖ ਮੰਦਰਾਂ ਵਿਚ ਹਾਜ਼ਰੀ ਲਗਵਾਈ ਅਤੇ ਸ਼ਹਿਰ ਵਾਸੀਆਂ ਦੀ ਸੁਖ ਸ਼ਾਂਤੀ ਲਈ ਅਰਦਾਸ ਕੀਤੀ |
ਵਿਧਾਇਕ ਭੁੱਲਰ ਨੇ ਸ਼ਹਿਰ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਹਿੰਦੂ ਧਰਮ ਦੇ ਪ੍ਰਮੁੱਖ ਦੇਵਤਿਆਂ ਵਿਚੋਂ ਇਕ ਭਗਵਾਨ ਸ਼ਿਵ ਦੇ ਸਨਮਾਨ ਵਿਚ ਮਨਾਇਆ ਜਾਣ ਵਾਲਾ ਤਿਉਹਾਰ ਹੈ | ਉਹਨਾਂ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਦਿਨ ਭਗਵਾਨ ਸ਼ਿਵ ਦੀ ਪੂਜਾ ਲਈ ਬਹੁਤ ਖ਼ਾਸ ਹੈ | ਭਾਵੇਂ ਮਾਸਿਕ ਸ਼ਿਵਰਾਤਰੀ ਹਰ ਮਹੀਨੇ ਹੁੰਦੀ ਹੈ, ਪਰ ਫੱਗਣ ਮਹੀਨੇ ਵਿਚ ਆਉਣ ਵਾਲੀ ਸ਼ਿਵਰਾਤਰੀ ਨੂੰ ਮਹਾਂਸ਼ਿਵਰਾਤਰੀ ਕਿਹਾ ਜਾਂਦਾ ਹੈ | ਵਿਧਾਇਕ ਭੁੱਲਰ ਨੇ ਪੈਦਲ ਕਾਵੜ ਲਿਆਉਣ ਵਾਲੇ ਕਾਵੜੀਆ ਨੂੰ ਸਨਮਾਨਿਤ ਕੀਤਾ | ਇਸ ਮੌਕੇ ਆਪ ਦੇ ਵੱਖ-ਵੱਖ ਵਿੰਗਾਂ ਦੇ ਆਗੂ ਆਦਿ ਹਾਜ਼ਰ ਸਨ |