24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਜ਼ਿਲ੍ਹਾ ਫਿਰੋਜ਼ਪੁਰ ਭਗਤੀ ਰੰਗ 'ਚ ਰੰਗਿਆ ਮਹਾਸ਼ਿਵਰਾਤਰੀ ਮੌਕੇ ਸ਼ਿਵਾਲਿਆਂ ਮੰਦਰਾਂ 'ਚ ਉਮੜਿਆ ਆਸਥਾ ਦਾ ਸਮੁੰਦਰ

ਅਜੀਤ ਡੈਸਕ 16-02-2026
ਫਿਰੋਜ਼ਪੁਰ, 15 ਫ਼ਰਵਰੀ (ਸੁਖਵਿੰਦਰ ਸਿੰਘ)-ਜ਼ਿਲ੍ਹਾ ਫਿਰੋਜ਼ਪੁਰ 'ਚ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ਭਗਤੀ ਤੇ ਉਤਸ਼ਾਹ ਦਾ ਅਨੁਭਵ ਮਾਹੌਲ ਦੇਖਣ ਨੂੰ ਮਿਲਿਆ | ਸ਼ਹਿਰ ਦੇ ਇਤਿਹਾਸਕ 137 ਸਾਲ ਪੁਰਾਣੇ ਸ਼ਿਵਾਲਿਆਂ ਮੰਦਰ 'ਚ ਸਵੇਰੇ ਅੰਮਿ੍ਤ ਵੇਲੇ ਤੋਂ ਹੀ ਸ਼ਰਧਾਲੂਆਂ ਦੀ ਲੰਬੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ | ਦੂਰ-ਦੂਰੋਂ ਕਾਂਵੜ ਲੈ ਕੇ ਪਹੁੰਚੇ ਭਗਤਾਂ ਨੇ ਭਗਵਾਨ ਭੋਲੇ ਸ਼ੰਕਰ ਦੇ ਦਰਬਾਰ 'ਚ ਜਲ ਅਰਪਣ ਕਰਦੇ ਹੋਏ ਆਪਣੇ ਪਰਿਵਾਰਾਂ ਦੀ ਖ਼ੁਸ਼ਹਾਲੀ, ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਮੰਦਰ ਦਾ ਮਾਹੌਲ 'ਹਰ ਹਰ ਮਹਾਦੇਵ' ਤੇ 'ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਭਜਨ-ਕੀਰਤਨ ਅਤੇ ਕਾਂਵੜ ਦੇ ਪ੍ਰੋਗਰਾਮਾਂ ਨੇ ਮਾਹੌਲ ਨੂੰ ਹੋਰ ਵੀ ਅਧਿਆਤਮਿਕ ਬਣਾਇਆ | ਕਈ ਨੌਜਵਾਨ ਟੋਲੀਆਂ ਵਲੋਂ ਕਾਂਵੜ ਯਾਤਰਾ ਕੱਢੀ ਗਈ | ਜਿਥੇ ਭਗਤ ਭੋਲੇ ਸ਼ੰਕਰ ਦੇ ਰੰਗਾਂ 'ਚ ਰੰਗੇ ਨੱਚ-ਟੱਪ ਕਰਦੇ ਹੋਏ ਮੰਦਰ ਤੱਕ ਪਹੁੰਚੇ | ਰੰਗ-ਬਰੰਗੇ ਪਹਿਰਾਵਿਆਂ ਅਤੇ ਝੰਡਿਆਂ ਨਾਲ ਸਜੀ ਕਾਂਵੜ ਯਾਤਰਾ ਨੇ ਸ਼ਹਿਰ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ | ਇਸ ਤੋਂ ਇਲਾਵਾ ਅੰਮਿ੍ਤਸਰ ਗੇਟ ਵਿਖੇ ਸਥਿਤ ਗੋਰੀ ਸ਼ੰਕਰ ਮੰਦਰ ਵਿਚ ਵੀ ਮਹਾ ਸ਼ਿਵਰਾਤਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ | ਇਥੇ ਵੀ ਸ਼ਰਧਾਲੂਆਂ ਨੇ ਕਾਂਵੜ ਲਿਆ ਕੇ ਭਗਤੀ ਮਈ ਤਰੀਕੇ ਨਾਲ ਜਲ ਅਰਪਿਤ ਕੀਤਾ | ਮਾਨਵ ਉਬਰਾਏ, ਅਰੁਣ ਮੋਂਗਾ, ਰਾਜਨ ਗੱਖੜ ਨੇ ਕਾਂਵੜ ਲਿਆ ਕੇ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਗੋਰੀ ਸ਼ੰਕਰ ਮੰਦਰ ਵਿਖੇ ਸ਼ਿਵ ਜੀ ਨੂੰ ਜਲ ਅਰਪਿਤ ਕੀਤਾ | ਮੰਦਰ ਅੱਗੇ ਭਗਤਾਂ ਵਲੋਂ ਖ਼ੂਬ ਨੱਚ-ਗਾਣਾ ਤੇ ਭਜਨ-ਸੰਧਿਆ ਕੀਤੀ ਗਈ, ਜਿਸ ਨਾਲ ਪੂਰਾ ਇਲਾਕਾ ਭਗਤੀ ਰਸ 'ਚ ਡੁੱਬਿਆ ਨਜ਼ਰ ਆਇਆ | ਮਹਿਲਾਵਾਂ, ਬਜ਼ੁਰਗਾਂ ਤੇ ਬੱਚਿਆਂ ਨੇ ਵੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਕਈ ਭਗਤਾਂ ਨੇ ਵਰਤ ਰੱਖ ਕੇ ਦਿਨ ਭਰ ਭਗਵਾਨ ਸ਼ਿਵ ਦੀ ਪੂਜਾ ਕੀਤੀ | ਮੰਦਰ ਕਮੇਟੀਆਂ ਵਲੋਂ ਲੰਗਰ ਤੇ ਪ੍ਰਸਾਦ ਦੀ ਵੀ ਵਧੀਆ ਵਿਵਸਥਾ ਕੀਤੀ ਗਈ | ਮਹਾਂ ਸ਼ਿਵਰਾਤਰੀ ਮੌਕੇ ਛਾਉਣੀ ਦੇ ਸ਼ੀਤਲਾ ਮਾਤਾ ਮੰਦਰ ਵਿਖੇ ਵੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ, ਜਿਸ 'ਚ ਸ਼ੀਤਲਾ ਮਾਤਾ ਮੰਦਰ ਕਮੇਟੀ ਦੇ ਪ੍ਰਬੰਧਕ ਨੰਦ ਕਿਸ਼ੋਰ, ਲਾਜਪਤ ਰਾਏ ਬਾਂਸਲ, ਮਾਸਟਰ ਓਮ ਪ੍ਰਕਾਸ਼, ਪਵਨ ਕੁਮਾਰ ਮਿੱਤਲ, ਵਿਜੇ ਗਰਗ, ਅਰਵਿੰਦਰ ਬਾਂਸਲ, ਵਿਨੇ ਕੁਮਾਰ ਸਿੰਗਲਾ, ਹਰ ਕਿ੍ਸ਼ਨ ਬਾਂਸਲ, ਦਵਿੰਦਰ ਕੁਮਾਰ, ਪੰਡਿਤ ਰਜਿੰਦਰ, ਸੰਜੀਵ ਪਾਂਡੇ ਆਦਿ ਹਾਜ਼ਰ ਹੋਏ | ਇਸ ਮੌਕੇ ਸੁਰੱਖਿਆ ਤੇ ਟ੍ਰੈਫ਼ਿਕ ਪ੍ਰਬੰਧਾਂ ਲਈ ਪ੍ਰਸ਼ਾਸਨ ਵਲੋਂ ਖ਼ਾਸ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ | ਸਮੂਹ ਸ਼ਹਿਰ ਭਗਤੀ, ਉਤਸ਼ਾਹ ਤੇ ਸ਼ਰਧਾ ਦੀ ਏਕਤਾ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ | ਮਹਾਂ ਸ਼ਿਵਰਾਤਰੀ ਦੇ ਇਸ ਪਵਿੱਤਰ ਅਵਸਰ ਨੇ ਫਿਰੋਜ਼ਪੁਰ 'ਚ ਭਾਈਚਾਰੇ, ਸਾਂਝ ਤੇ ਆਸਥਾ ਦੀ ਮਿਸਾਲ ਕਾਇਮ ਕਰ ਦਿੱਤੀ |
ਪਿਛਲੀ ਖ਼ਬਰ ਨੇਚਰ ਫੈਸਟ-2026: ਕੱਲ੍ਹ ਗੁਰਦਾਸ ਮਾਨ ਕਰਨਗੇ ਆਪਣੇ ਫਨ ਦਾ ਮੁਜ਼ਾਹਰਾ ਅਗਲੀ ਖ਼ਬਰ ਸ਼ਿਵ ਮੰਦਰ ਮੁੱਦਕੀ ਵਿਖੇ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।