ਗੁਰੂਹਰਸਹਾਏ, 17 ਫਰਵਰੀ (ਕਪਿਲ ਕੰਧਾਰੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵਲੋਂ ਲਏ ਜਾ ਰਹੇ ਦਸਵੀਂ ਜਮਾਤ ਦੇ ਫਾਈਨਲ ਬੋਰਡ ਪੇਪਰਾਂ ਦੀ ਸ਼ਾਨਦਾਰ ਢੰਗ ਨਾਲ ਸ਼ੁਰੂਆਤ ਹੋਈ | ਫਾਈਨਲ ਪੇਪਰਾਂ ਦੇ ਪਹਿਲੇ ਦਿਨ ਹੀ ਵਿਦਿਆਰਥੀਆਂ 'ਚ ਇਮਤਿਹਾਨਾਂ ਨੂੰ ਲੈ ਕੇ ਉਤਸ਼ਾਹ ਤੇ ਖ਼ੁਸ਼ੀ ਦੇਖਣ ਨੂੰ ਮਿਲੀ ਅਤੇ ਅੱਜ ਪਹਿਲੇ ਦਿਨ ਹੋਏ ਗਣਿਤ ਦੇ ਪੇਪਰ ਨੂੰ ਲੈ ਕੇ ਸਵੇਰ ਤੋਂ ਹੀ ਸਕੂਲਾਂ ਦੇ ਬਾਹਰ ਵਿਦਿਆਰਥੀਆਂ ਦੀ ਭੀੜ ਦੇਖਣ ਨੂੰ ਮਿਲੀ | ਇਸ ਮੌਕੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਵਿਸ਼ਵਾਸ ਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਸਾਲ ਭਰ ਮਨ ਲਗਾ ਕੇ ਪੜ੍ਹਾਈ ਕੀਤੀ ਹੈ ਤੇ ਹੁਣ ਉਹ ਪੂਰੇ ਆਤਮ ਵਿਸ਼ਵਾਸ ਨਾਲ ਪੇਪਰ ਦੇਣ ਆਏ ਹਨ | ਇਸ ਮੌਕੇ ਦਸਵੀਂ ਜਮਾਤ ਦੇ ਫਾਈਨਲ ਪੇਪਰਾਂ ਦਾ ਪ੍ਰੀਖਿਆ ਕੇਂਦਰ ਸਥਾਨਕ ਸ਼ਹਿਰ ਦੇ ਜੇ. ਕੇ. ਐੱਸ. ਪਬਲਿਕ ਸਕੂਲ ਵਿਖੇ ਬਣਾਇਆ ਗਿਆ | ਜਿਸ 'ਚ ਸ਼ਹਿਰ ਦੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ, ਜੀ. ਟੀ. ਬੀ. ਪਬਲਿਕ ਸਕੂਲ, ਡੀ. ਏ. ਵੀ. ਪਬਲਿਕ ਸਕੂਲ ਤੇ ਜੇ. ਐਨ. ਇੰਟਰਨੈਸ਼ਨਲ ਸਕੂਲ ਦੇ ਕਰੀਬ 200 ਵਿਦਿਆਰਥੀਆਂ ਵਲੋਂ ਇਸ ਪ੍ਰੀਖਿਆ ਕੇਂਦਰ 'ਚ ਆਪਣਾ ਗਣਿਤ ਦਾ ਪੇਪਰ ਦਿੱਤਾ | ਇਸ ਮੌਕੇ ਪੇਪਰ ਖ਼ਤਮ ਹੋਣ ਤੋਂ ਬਾਅਦ ਜਦ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਦਾ ਗਣਿਤ ਦਾ ਪੇਪਰ ਬਹੁਤ ਚੰਗਾ ਹੋਇਆ ਅਤੇ ਪੇਪਰ ਖ਼ਤਮ ਹੋਣ ਤੋਂ ਬਾਅਦ ਬੱਚੇ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਸਵਾਲ ਉਮੀਦਾਂ ਅਨੁਸਾਰ ਸਨ |