ਜ਼ੀਰਾ, 17 ਫਰਵਰੀ (ਰਜਨੀਸ਼ ਕਥੂਰੀਆ)-ਮੈਸਰਜ਼ ਹੰਸ ਰਾਜ ਨਰੇਸ਼ ਕੁਮਾਰ ਜੈਨ (ਜ਼ੀਰਾ) ਵਲੋਂ ਸਕਲ ਜੈਨ ਸਮਾਜ ਜ਼ੀਰਾ ਤੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਸਹਿਯੋਗ ਨਾਲ 20 ਫਰਵਰੀ ਨੂੰ ਜੈਨ ਜਨਾਨਾ ਹਸਪਤਾਲ (ਨੇੜੇ ਪੁਰਾਣੀ ਕਚਹਿਰੀ ਜ਼ੀਰਾ) ਵਿਖੇ ਸਵ. ਸ੍ਰੀਮਤੀ ਰੇਖਾ ਜੈਨ ਦੀ ਯਾਦ 'ਚ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ਲਈ 20 ਫਰਵਰੀ ਨੂੰ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਰੋਹਿਤ ਜੈਨ ਨੇ ਦੱਸਿਆ ਕਿ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ 'ਚ ਆਪਣੀਆਂ ਅੱਖਾਂ ਦੀ ਜਾਂਚ ਜਾਂ ਆਪ੍ਰੇਸ਼ਨ ਕਰਵਾਉਣ ਲਈ ਆਉਣ ਵਾਲੇ ਮਰੀਜ਼ ਆਪਣਾ ਆਧਾਰ ਕਾਰਡ ਤੇ ਆਪਣੇ ਪਹਿਲਾਂ ਤੋਂ ਚੱਲ ਰਹੇ ਇਲਾਜ ਦੀ ਪਰਚੀ ਨਾਲ ਲੈ ਕੇ ਆਉਣ | ਉਨ੍ਹਾਂ ਹੋਰ ਦੱਸਿਆ ਕਿ ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ ਤੇ ਜ਼ਰੂਰਤ ਅਨੁਸਾਰ ਆਪ੍ਰੇਸ਼ਨ ਵੀ ਕੀਤੇ ਜਾਣਗੇ | ਉਨ੍ਹਾਂ ਹੋਰ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਲਈ ਹਸਪਤਾਲ ਤੱਕ ਲਿਜਾਉਣ ਤੇ ਮਰੀਜ਼ ਨੂੰ ਘਰ ਤੱਕ ਛੱਡਣ ਦਾ ਸਾਰਾ ਖਰਚਾ ਉਨ੍ਹਾਂ ਦੀ ਸੰਸਥਾ ਵਲੋਂ ਕੀਤਾ ਜਾਵੇਗਾ | ਉਨ੍ਹਾਂ ਨੇ ਖ਼ਾਸ ਤੌਰ 'ਤੇ ਅਪੀਲ ਕੀਤੀ ਕਿ ਜਿਹੜੇ ਮਰੀਜ਼ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਪੀੜਤ ਹਨ, ਉਹ ਆਪਣੀ ਚੱਲ ਰਹੀ ਦਵਾਈ ਦੀਆਂ ਸਲਿਪਾਂ ਤੇ ਪੁਰਾਣੀਆਂ ਮੈਡੀਕਲ ਰਿਪੋਰਟਾਂ ਨਾਲ ਜ਼ਰੂਰ ਲੈ ਕੇ ਆਉਣ |