ਫ਼ਿਰੋਜ਼ਪੁਰ, 19 ਫਰਵਰੀ (ਗੁਰਿੰਦਰ ਸਿੰਘ)-ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਜੇ.ਈ.ਈ ਮੇਨ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 23 ਵਿਦਿਆਰਥੀਆਂ ਨੇ ਸ਼ਲਾਘਾਯੋਗ ਨਤੀਜੇ ਹਾਸਲ ਕਰਕੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਪ੍ਰਮਾਣ ਦਿੱਤਾ ਹੈ | ਸਕੂਲ ਦੇ ਪਿ੍ੰਸੀਪਲ ਡਾ. ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਨੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਅਤੇ ਅਧਿਆਪਕਾਂ ਦੀ ਮਾਰਗ ਦਰਸ਼ਨ ਦਾ ਪਰਿਣਾਮ ਹਨ | ਉਨ੍ਹਾਂ ਨੇ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸ਼ਲਾਘਾਯੋਗ ਨਤੀਜੇ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਲਈ ਇਹ ਸਕੂਲ ਲਗਾਤਾਰ ਚਾਨਣ ਮੁਨਾਰਾ ਬਣ ਰਿਹਾ ਹੈ | ਮੁਕਾਬਲੇ ਪ੍ਰੀਖਿਆਵਾਂ ਦੇ ਕੋਆਰਡੀਨੇਟਰ ਵਾਇਸ ਪਿ੍ੰਸੀਪਲ ਸੁਕਿ੍ਤੀ ਸ਼ਰਮਾ ਅਤੇ ਲੈਕਚਰਾਰ ਗਿਨੀ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤਿਆਰੀ ਕਲਾਸਾਂ, ਮੋਕ ਟੈੱਸਟ ਅਤੇ ਵਿਅਕਤੀਗਤ ਮਾਰਗ ਦਰਸ਼ਨ ਮੁਹੱਈਆ ਕਰਵਾਇਆ ਗਿਆ, ਜਿਸ ਨਾਲ ਇਹ ਸ਼ਾਨਦਾਰ ਨਤੀਜੇ ਸੰਭਵ ਹੋਏ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਅਭਿਸ਼ੇਕ ਨੇ 88.50 ਫ਼ੀਸਦੀ, ਸੁਜਲ ਕੰਬੋਜ ਨੇ 88.30 ਫ਼ੀਸਦੀ, ਅੰਜੂ ਰਾਣਾ ਅਤੇ ਪਾਰਸ ਨੇ 83.27 ਫ਼ੀਸਦੀ ਅੰਕ ਹਾਸਲ ਕਰਕੇ ਦੇਸ਼ ਦੇ ਨਾਮਵਰ ਇੰਜਨੀਰਿੰਗ ਕਾਲਜਾਂ ਵਿਚ ਦਾਖ਼ਲੇ ਲਈ ਰਾਹ ਪੱਧਰਾ ਕੀਤਾ ਹੈ | ਸਕੂਲ ਪ੍ਰਬੰਧਕ ਟੀਮ ਨੇ ਇਸ ਉਪਲਬਧੀ ਨੂੰ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਅਤੇ ਸਕੂਲ ਦੇ ਅਕਾਦਮਿਕ ਵਾਤਾਵਰਨ ਦੀ ਸਫਲਤਾ ਦੱਸਿਆ ਹੈ | ਵਾਈਸ ਪਿ੍ੰਸੀਪਲ ਸੁਕਿ੍ਤੀ ਸ਼ਰਮਾ ਅਤੇ ਲੈਕਚਰਾਰ ਗਿੰਨੀ ਬਾਂਸਲ ਮਿੰਕਲ, ਮੀਡੀਆ ਕੋਆਰਡੀਨੇਟਰ ਅਮਨਦੀਪ ਕੌਰ, ਗੁਰਪ੍ਰੀਤ ਕੌਰ, ਵੰਦਨਾ, ਰਾਹੁਲ ਗੋਤਮ, ਅਮਰ ਵਰਮਾ, ਜਸਵਿੰਦਰ ਸਿੰਘ ਅਤੇ ਮਨੋਜ ਕੁਮਾਰ ਵਲੋਂ ਸਾਰੇ ਸਫਲ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |