ਤਲਵੰਡੀ ਭਾਈ, 19 ਫਰਵਰੀ (ਰਵਿੰਦਰ ਸਿੰਘ ਬਜਾਜ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਵਾਈਜ਼ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਕੜੀ ਤਹਿਤ 24 ਤਰੀਕ ਦੀ ਫ਼ਿਰੋਜ਼ਪੁਰ ਰੈਲੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪਹੁੰਚ ਰਹੇ ਹਨ | ਜਿਸ ਵਿਚ ਉਹ ਪਾਰਟੀ ਵਰਕਰਾਂ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਨਗੇ | ਇਹ ਜਾਣਕਾਰੀ ਜਥੇਦਾਰ ਸਤਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਜਥੇਦਾਰ ਸਤਪਾਲ ਸਿੰਘ ਨੇ ਕਿਹਾ ਕਿ ਇਹ ਰੈਲੀ ਇਤਿਹਾਸਿਕ ਰੈਲੀ ਹੋਵੇਗੀ ਕਿਉਂਕਿ ਪੰਜਾਬ ਦੇ ਲੋਕ 2027 ਵਿਚ ਪੰਜਾਬ ਵਿਚ ਸਿਰਫ਼ ਅਕਾਲੀ ਦਲ ਦੀ ਸਰਕਾਰ ਹੀ ਦੇਖਣਾ ਚਾਹੁੰਦੇ ਹਨ ਕਿਉਂਕਿ ਪਹਿਲਾਂ ਪੰਜ ਸਾਲ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਅਤੇ ਹੁਣ ਚਾਰ ਸਾਲ ਤੋਂ ਆਮ ਆਦਮੀ ਪਾਰਟੀ ਵਲੋਂ ਦਿਨੋਂ ਦਿਨ ਪੰਜਾਬ ਨੂੰ ਕਰਜ਼ੇ ਦੀ ਦਲ ਦਲ ਵਿਚ ਸੁੱਟਿਆ ਜਾ ਰਿਹਾ ਹੈ | ਜਿਸ ਤੋਂ ਪੰਜਾਬ ਵਾਸੀ ਪੂਰੀ ਤਰ੍ਹਾਂ ਦੁਖੀ ਹਨ | ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਪਿਛਲੀ ਬਾਦਲ ਸਰਕਾਰ ਦੁਆਰਾ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਕਰਦੇ ਹਨ ਕਿਉਂਕਿ ਉਸ ਸਮੇਂ ਲੋਕਾਂ ਨੂੰ ਅਣਗਿਣਤ ਹੀ ਸਹੂਲਤਾਂ ਮਿਲੀਆਂ ਹੋਈਆਂ ਸਨ | ਇਸ ਗੱਲਬਾਤ ਸਮੇਂ ਜਥੇਦਾਰ ਸਤਪਾਲ ਸਿੰਘ ਨਾਲ ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਸੰਜੀਵ ਕੁਮਾਰ ਧੀਗੜਾ ਸਾਬਕਾ ਕੌਂਸਲਰ, ਬਲਦੇਵ ਸਿੰਘ ਬਰਾੜ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਿਸਤਰੀ ਬਲਵੰਤ ਸਿੰਘ ਕਲਸੀ, ਭੁਪਿੰਦਰ ਸਿੰਘ ਭਾਨਾ ਮੌਜੂਦ ਸਨ |